Punjab Weather Alert- ਅਗਲੇ 2 ਦਿਨਾਂ ਲਈ 'ਯੈਲੋ ਅਲਰਟ' ਜਾਰੀ; 10 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਤੇ 5 'ਚ ਚੱਲੇਗੀ ਸੀਤ ਲਹਿਰ
Punjab
Punjab Weather Alert: ਅਗਲੇ 2 ਦਿਨਾਂ ਲਈ 'ਯੈਲੋ ਅਲਰਟ' ਜਾਰੀ; 10 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਤੇ 5 'ਚ ਚੱਲੇਗੀ ਸੀਤ ਲਹਿਰ
ਚੰਡੀਗੜ੍ਹ, 10 ਜਨਵਰੀ 2026: ਪੰਜਾਬ ਅਤੇ ਚੰਡੀਗੜ੍ਹ ਵਾਸੀਆਂ ਨੂੰ ਹਾਲੇ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵੱਲ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਨੇ ਠਾਰ ਵਧਾ ਦਿੱਤੀ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਅੱਜ (ਸ਼ਨੀਵਾਰ) ਅਤੇ ਕੱਲ੍ਹ ਲਈ ਸੂਬੇ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ 'ਯੈਲੋ ਅਲਰਟ' (Yellow Alert) ਜਾਰੀ ਕੀਤਾ ਹੈ।
ਇਨ੍ਹਾਂ 10 ਜ਼ਿਲ੍ਹਿਆਂ 'ਚ ਛਾਏਗੀ ਸੰਘਣੀ ਧੁੰਦ
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਪੂਰੀ ਸੰਭਾਵਨਾ ਹੈ। ਇਨ੍ਹਾਂ ਵਿੱਚ ਸ਼ਾਮਲ ਹਨ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ।
ਮਾਲਵਾ ਖੇਤਰ 'ਚ ਚੱਲੇਗੀ ਸੀਤ ਲਹਿਰ
ਧੁੰਦ ਦੇ ਨਾਲ-ਨਾਲ 5 ਜ਼ਿਲ੍ਹਿਆਂ ਵਿੱਚ ਹੱਡ ਚੀਰਵੀਂ ਠੰਢ (Cold Wave) ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਇਹ ਜ਼ਿਲ੍ਹੇ ਹਨ: ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ। ਇਸ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਸਮੇਤ 6 ਜ਼ਿਲ੍ਹਿਆਂ ਵਿੱਚ ਦਿਨ ਵੇਲੇ ਵੀ ਧੁੱਪ ਨਿਕਲਣ ਦੇ ਆਸਾਰ ਘੱਟ ਹਨ, ਜਿਸ ਕਾਰਨ 'ਕੋਲਡ ਡੇ' (Cold Day) ਦੀ ਸਥਿਤੀ ਬਣੀ ਰਹੇਗੀ।
ਬਠਿੰਡਾ ਰਿਹਾ ਸਭ ਤੋਂ ਠੰਢਾ
ਤਾਪਮਾਨ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਬੀਤੇ ਦਿਨ ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਦਿਨ ਭਰ ਠੰਢ ਰਹੀ। ਹਾਲਾਂਕਿ ਧੁੱਪ ਨਿਕਲਣ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦਾ ਮਾਮੂਲੀ ਵਾਧਾ ਹੋਇਆ ਸੀ, ਪਰ ਫਿਰ ਵੀ ਇਹ ਆਮ ਨਾਲੋਂ 3.6 ਡਿਗਰੀ ਘੱਟ ਦਰਜ ਕੀਤਾ ਗਿਆ।
ਕਿਉਂ ਬਦਲ ਰਿਹਾ ਹੈ ਮੌਸਮ?
ਮੌਸਮ ਵਿਗਿਆਨੀਆਂ ਨੇ ਇਸ ਕੜਾਕੇ ਦੀ ਠੰਢ ਪਿੱਛੇ ਤਕਨੀਕੀ ਕਾਰਨ ਦੱਸੇ ਹਨ:
ਪੱਛਮੀ ਹਵਾਵਾਂ: ਉੱਤਰੀ ਭਾਰਤ ਵਿੱਚ ਉੱਚਾਈ 'ਤੇ ਤੇਜ਼ ਪੱਛਮੀ ਹਵਾਵਾਂ ਚੱਲ ਰਹੀਆਂ ਹਨ।
ਹਵਾ ਦਾ ਦਬਾਅ: ਉੱਤਰੀ ਪਾਕਿਸਤਾਨ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਉੱਪਰ 3 ਤੋਂ 4.5 ਕਿਲੋਮੀਟਰ ਦੀ ਉਚਾਈ 'ਤੇ ਇੱਕ ਸਿਸਟਮ ਬਣਿਆ ਹੋਇਆ ਹੈ।
ਸਾਈਕਲੋਨਿਕ ਸਰਕੂਲੇਸ਼ਨ: ਹਰਿਆਣਾ ਦੇ ਉੱਪਰ ਵੀ 1.5 ਕਿਲੋਮੀਟਰ ਦੀ ਉਚਾਈ 'ਤੇ ਹਵਾ ਦਾ ਇੱਕ ਚੱਕਰਵਾਤੀ ਸਿਸਟਮ ਸਰਗਰਮ ਹੈ।
ਰਾਹਤ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਮੁਤਾਬਕ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਠੰਢ ਦਾ ਜ਼ੋਰ ਥੋੜ੍ਹਾ ਘੱਟ ਦੇਖਣ ਨੂੰ ਮਿਲਿਆ ਹੈ।
Punjab Weather Alert Yellow Alert Issued For The Next 2 Days Dense Fog In 10 Districts And Cold Wave In 5