Punjab Breaking - ਸਿਹਤ ਮੰਤਰੀ ਨੇ CM ਸਿਹਤ ਬੀਮਾ ਯੋਜਨਾ ਨੂੰ ਲੈ ਕੇ ਕੀਤਾ ਵੱਡਾ ਐਲਾਨ, ਹੁਣ ਇਸ ਦਿਨ ਤੋਂ ਹੋਵੇਗੀ ਸ਼ੁਰੂ
Punjab
Punjab Breaking : ਸਿਹਤ ਮੰਤਰੀ ਨੇ CM ਸਿਹਤ ਬੀਮਾ ਯੋਜਨਾ ਨੂੰ ਲੈ ਕੇ ਕੀਤਾ ਵੱਡਾ ਐਲਾਨ, ਹੁਣ ਇਸ ਦਿਨ ਤੋਂ ਹੋਵੇਗੀ ਸ਼ੁਰੂ
ਫਤਿਹਗੜ੍ਹ ਸਾਹਿਬ/ਚੰਡੀਗੜ੍ਹ 12 January 2026 : ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਤਿਆਰ ਕੀਤੀ ਗਈ 'ਪੰਜਾਬ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਦੀ ਲਾਂਚਿੰਗ ਤਰੀਕ ਵਿੱਚ ਬਦਲਾਅ ਕੀਤਾ ਗਿਆ ਹੈ। ਪਹਿਲਾਂ ਇਹ ਯੋਜਨਾ 15 ਜਨਵਰੀ ਨੂੰ ਸ਼ੁਰੂ ਹੋਣੀ ਸੀ, ਪਰ ਹੁਣ ਇਹ 22 ਜਨਵਰੀ ਨੂੰ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਵਿਖੇ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਕਿਉਂ ਹੋਈ ਦੇਰੀ?
ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਯੋਜਨਾ ਵਿੱਚ ਇੱਕ ਹਫ਼ਤੇ ਦੀ ਦੇਰੀ ਹੋਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਲਬ ਕੀਤਾ ਗਿਆ ਹੈ। ਧਾਰਮਿਕ ਮਰਿਆਦਾ ਅਤੇ ਰੁਝੇਵਿਆਂ ਨੂੰ ਧਿਆਨ ਵਿੱਚ ਰੱਖਦਿਆਂ ਤਰੀਕ ਅੱਗੇ ਵਧਾਈ ਗਈ ਹੈ। ਹਾਲਾਂਕਿ, ਮੰਤਰੀ ਨੇ ਕਿਹਾ ਕਿ ਜਦੋਂ ਤੱਕ ਲਾਂਚਿੰਗ ਨਹੀਂ ਹੁੰਦੀ, ਵਿਭਾਗ ਵੱਲੋਂ ਇਸਦਾ ਜ਼ੋਰਦਾਰ ਟ੍ਰਾਇਲ (Trial) ਜਾਰੀ ਰਹੇਗਾ ਤਾਂ ਜੋ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ।
1200 ਕਰੋੜ ਦਾ ਬਜਟ ਅਤੇ 3 ਕਰੋੜ ਲੋਕ
ਇਸ ਯੋਜਨਾ ਦਾ ਘੇਰਾ ਬਹੁਤ ਵਿਸ਼ਾਲ ਹੈ। ਸਰਕਾਰ ਨੇ ਸ਼ੁਰੂਆਤੀ ਪੜਾਅ ਲਈ 1200 ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਟੀਚਾ: ਸੂਬੇ ਦੇ ਲਗਭਗ 3 ਕਰੋੜ ਲੋਕਾਂ ਨੂੰ ਇਸ ਸਕੀਮ ਦਾ ਲਾਭ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਬਜਟ 1200 ਤੋਂ ਵਧਾ ਕੇ 1500 ਕਰੋੜ ਵੀ ਕੀਤਾ ਜਾ ਸਕਦਾ ਹੈ, ਪਰ ਲੋਕਾਂ ਦੀ ਸਿਹਤ ਨਾਲ ਸਮਝੌਤਾ ਨਹੀਂ ਹੋਵੇਗਾ।
ਕਾਰਡ ਬਣਾਉਣ ਲਈ ਜ਼ਰੂਰੀ ਸ਼ਰਤਾਂ
ਸਰਕਾਰ ਨੇ ਇਸ ਯੋਜਨਾ ਨੂੰ ਬਹੁਤ ਹੀ ਸਰਲ ਰੱਖਿਆ ਹੈ ਤਾਂ ਜੋ ਹਰ ਆਮ ਖਾਸ ਇਸਦਾ ਲਾਭ ਲੈ ਸਕੇ। ਇਸ ਲਈ ਮੁੱਖ ਤੌਰ 'ਤੇ ਦੋ ਦਸਤਾਵੇਜ਼ ਜ਼ਰੂਰੀ ਹਨ:
ਪੰਜਾਬ ਦਾ ਆਧਾਰ ਕਾਰਡ।
ਪੰਜਾਬ ਦਾ ਵੋਟਰ ਕਾਰਡ।
ਬੱਚਿਆਂ ਲਈ: ਪਰਿਵਾਰ ਦੇ ਬੱਚਿਆਂ ਕੋਲ ਡਿਪੈਂਡੈਂਟ (Dependent) ਕਾਰਡ ਹੋਣਾ ਚਾਹੀਦਾ ਹੈ। ਸਰਕਾਰ ਨੇ ਇਸ ਲਈ ਕੋਈ ਹੋਰ ਗੁੰਝਲਦਾਰ ਮਾਪਦੰਡ ਨਹੀਂ ਰੱਖੇ ਹਨ।
650 ਪ੍ਰਾਈਵੇਟ ਹਸਪਤਾਲ ਸ਼ਾਮਲ
ਇਹ ਦੁਨੀਆ ਵਿੱਚ ਆਪਣੀ ਕਿਸਮ ਦੀ ਵਿਲੱਖਣ ਯੋਜਨਾ ਹੋਵੇਗੀ। ਇਸ ਤਹਿਤ ਸਾਰੇ ਸਰਕਾਰੀ ਮੈਡੀਕਲ ਅਦਾਰਿਆਂ ਦੇ ਨਾਲ-ਨਾਲ 650 ਨਿੱਜੀ (Private) ਹਸਪਤਾਲ ਵੀ ਪੈਨਲ 'ਤੇ ਲਏ ਗਏ ਹਨ। ਇਸ ਨਾਲ ਲੋਕਾਂ ਨੂੰ ਐਮਰਜੈਂਸੀ ਦੇਖਭਾਲ ਵਿੱਚ ਵੱਡੀ ਰਾਹਤ ਮਿਲੇਗੀ। ਸਿਹਤ ਮੰਤਰੀ ਨੇ ਇਸਦੀ ਤੁਲਨਾ ਕੇਜਰੀਵਾਲ ਸਰਕਾਰ ਦੀ ਮੁਫ਼ਤ ਬਿਜਲੀ ਸਕੀਮ ਨਾਲ ਕਰਦਿਆਂ ਕਿਹਾ ਕਿ ਸੀਐਮ ਮਾਨ ਨੇ ਉਸੇ ਤਰਜ਼ 'ਤੇ ਸਿਹਤ ਖੇਤਰ ਵਿੱਚ ਇਹ ਇਨਕਲਾਬੀ ਕਦਮ ਚੁੱਕਿਆ ਹੈ।
Punjab Breaking Health Minister Makes Big Announcement About CM Health Insurance Scheme Now It Will Start From This Day