ਸਬ- ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ 'ਚ ਰੱਜ ਕੇ ਵੱਜੀ ਨਕਲ, ਦੇਖੋ ਕਿਵੇਂ ਹੋਇਆ ਖੁਲਾਸਾ
LPTV / Chandigarh
ਪੰਜਾਬ ਪੁਲਿਸ ’ਚ ਸਬ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਪ੍ਰੀਖਿਆ ਵਿੱਚ ਵੱਡੇ ਪੱਧਰ ਉੱਪਰ ਨਕਲ ਹੋਈ ਹੈ। ਚਰਚਾ ਹੈ ਕਿ ਉਮੀਦਵਾਰਾਂ ਤੋਂ 30-30 ਲੱਖ ਰੁਪਏ ਲੈ ਕੇ ਨਕਲ ਕਰਵਾਈ ਗਈ ਹੈ। ਸੂਤਰਾਂ ਮੁਤਾਬਕ ਇਹ ਖੁਲਾਸਾ ਹੋਣ ਮਗਰੋਂ ਪਟਿਆਲਾ ਦੇ ਥਾਣਾ ਅਨਾਜ ਮੰਡੀ ਵਿੱਚ ਧਾਰਾ 420, 465, 467, 468, 471, 120 ਤੇ 66 ਬੀ ਹੇਠ ਆਈਟੀ ਸੋਧ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਂਝ ਅਧਿਕਾਰੀ ਇਹ ਬਾਰੇ ਖੁੱਲ੍ਹ ਕੇ ਕੁਝ ਵੀ ਬੋਲਣ ਲਈ ਤਿਆਰੀ ਨਹੀਂ।
ਦੱਸ ਦਈਏ ਕਿ ਪੰਜਾਬ ਪੁਲਿਸ ’ਚ ਪਿਛਲੇ ਦਿਨੀਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਕੱਢੀਆਂ 560 ਅਸਾਮੀਆਂ ਲਈ ਪੰਜਾਬ ਭਰ ’ਚ ਲਿਖਤੀ ਪ੍ਰੀਖਿਆ ਹੋਈ ਸੀ। ਇਹ ਲਿਖਤੀ ਪ੍ਰੀਖਿਆ ਲੈਣ ਸਬੰਧੀ ਸਰਕਾਰ ਵੱਲੋਂ ਪ੍ਰਾਈਵੇਟ ਫਰਮ ਨੂੰ ਠੇਕਾ ਦਿੱਤਾ ਗਿਆ ਸੀ। ਹੁਣ ਖੁਲਾਸਾ ਹੋਇਆ ਹੈ ਕਿ ਇਸ ਫਰਮ ਦੇ ਹੀ ਕੁਝ ਮੌਜੂਦਾ ਤੇ ਕੁਝ ਪੁਰਾਣੇ ਮੁਲਾਜ਼ਮਾਂ ਨੇ ਆਧੁਨਿਕ ਤਕਨੀਕ ਦੇ ਸਹਾਰੇ ਕਿਸੇ ਵਿਸ਼ੇਸ਼ ਸਾਫਟਵੇਅਰ ਜ਼ਰੀਏ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਬੈਠ ਕੇ ਹੀ ਅੰਦਰ ਇਮਤਿਹਾਨ ਦੇ ਰਹੇ ਉਮੀਦਵਾਰਾਂ ਦੇ ਕੰਪਿਊਟਰਾਂ ਤੱਕ ਪਹੁੰਚ ਬਣਾ ਕੇ ਉਨ੍ਹਾਂ ਦੀ ਪ੍ਰੀਖਿਆ ਵਿਚਲੇ ਸਵਾਲ ਹੱਲ ਕਰ ਦਿੱਤੇ। ਸੂਤਰਾਂ ਮੁਤਾਬਕ ਪਟਿਆਲਾ ਪੁਲਿਸ ਵੱਲੋਂ ਕੇਸ ਦਰਜ ਕਰਕੇ ਦਰਜਨ ਭਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
See how the cheating in the sub inspector recruitment exam was revealed