Cancer vaccine- ਮੈਡੀਕਲ ਸਾਇੰਸ 'ਚ ਰੂਸ ਦਾ ਵੱਡਾ ਦਾਅਵਾ, ਕੈਂਸਰ ਦੀ ਵੈਕਸੀਨ ਕੀਤੀ ਤਿਆਰ, ਕਿਹਾ- ਫ੍ਰੀ 'ਚ ਹੋਵੇਗੀ ਉਪਲਬਧ!
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੈਂਸਰ ਦੇ ਇਲਾਜ ਲਈ ਇਕ ਵੈਕਸੀਨ ਤਿਆਰ ਕਰ ਲਈ ਹੈ, ਜਿਸ ਨੂੰ 2025 ਦੀ ਸ਼ੁਰੂਆਤ ਤੱਕ ਲਾਂਚ ਕੀਤਾ ਜਾਵੇਗਾ। ਇਸ ਵੈਕਸੀਨ ਨੂੰ ਰੂਸ ਦੇ ਨਾਗਰਿਕਾਂ ਨੂੰ ਮੁਫਤ ਉਪਲਬਧ ਕਰਵਾਇਆ ਜਾਵੇਗਾ। ਰੂਸ ਦੇ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਮੁਖੀ ਆਂਦਰੀ ਕੈਪ੍ਰਿਨ ਨੇ ਇਸ ਇਤਿਹਾਸਕ ਪ੍ਰਾਪਤੀ ਬਾਰੇ ਜਾਣਕਾਰੀ ਦਿੱਤੀ।
ਵੈਕਸੀਨ ਦਾ ਉਦੇਸ਼ ਤੇ ਪ੍ਰਕਿਰਿਆ
ਇਹ ਵੈਕਸੀਨ ਕੈਂਸਰ ਦੇ ਟਿਊਮਰ ਨੂੰ ਬਣਨ ਤੋਂ ਰੋਕਣ ਲਈ ਨਹੀਂ ਹੈ, ਪਰ ਇਹ ਉਹਨਾਂ ਮਰੀਜ਼ਾਂ ਦੇ ਇਲਾਜ ਵਿਚ ਮਦਦ ਕਰੇਗੀ ਜੋ ਪਹਿਲਾਂ ਹੀ ਕੈਂਸਰ ਨਾਲ ਜੂਝ ਰਹੇ ਹਨ। ਹਰ ਸ਼ਾਟ ਵਿਅਕਤੀਗਤ ਤੌਰ 'ਤੇ ਮਰੀਜ਼ ਲਈ ਤਿਆਰ ਕੀਤਾ ਜਾਵੇਗਾ, ਜੋ ਪੱਛਮੀ ਦੇਸ਼ਾਂ ਵਿਚ ਵਿਕਸਤ ਹੋ ਰਹੀ ਕੈਂਸਰ ਵੈਕਸੀਨਜ਼ ਦੇ ਬਰਾਬਰ ਹੈ। ਇਸ ਵਿਚ ਰੋਗੀ ਦੇ ਟਿਊਮਰ ਵਿਚੋਂ ਆਰਐੱਨਏ ਵਰਗੇ ਜੀਨ ਸਮੱਗਰੀ ਦੀ ਵਰਤੋਂ ਕਰਕੇ ਇਮਿਊਨ ਸਿਸਟਮ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਉਹ ਕੈਂਸਰ ਦੇ ਖਾਸ ਪ੍ਰੋਟੀਨ ਦੀ ਪਛਾਣ ਕਰਕੇ ਉਸ 'ਤੇ ਪ੍ਰਭਾਵ ਪਾ ਸਕੇ।
ਵੈਕਸੀਨ ਸਬੰਧੀ ਜਾਣਕਾਰੀ ਅਜੇ ਅਧੂਰੀ
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਟੀਕਾ ਕਿਸ ਕਿਸਮ ਦੇ ਕੈਂਸਰ 'ਤੇ ਅਸਰਦਾਰ ਹੋਵੇਗਾ ਅਤੇ ਇਸ ਦੀ ਸਫਲਤਾ ਦਰ ਕਿੰਨੀ ਹੋਵੇਗੀ। ਵੈਕਸੀਨ ਦੇ ਨਾਂ ਦਾ ਵੀ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
2022 'ਚ 6,35,000 ਤੋਂ ਵੱਧ ਕੈਂਸਰ ਦੇ ਮਾਮਲੇ ਸਾਹਮਣੇ ਆਏ
ਰੂਸ ਵਿਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। 2022 ਵਿਚ 6,35,000 ਤੋਂ ਵੱਧ ਕੈਂਸਰ ਦੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਕੋਲਨ, ਛਾਤੀ ਅਤੇ ਫੇਫੜਿਆਂ ਦਾ ਕੈਂਸਰ ਸਭ ਤੋਂ ਆਮ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਹਾਲ ਹੀ ਵਿਚ ਕੈਂਸਰ ਵੈਕਸੀਨ 'ਤੇ ਕੀਤੇ ਜਾ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਵਿਗਿਆਨੀ ਇਸ ਟੀਕੇ ਅਤੇ ਨਵੀਂ ਪੀੜ੍ਹੀ ਦੀ ਇਮਯੂਨੋਮੋਡਿਊਲੇਟਰੀ ਦਵਾਈਆਂ ਦੇ ਨਿਰਮਾਣ ਦੇ ਆਖਰੀ ਪੜਾਅ 'ਤੇ ਹਨ।
ਗਲੋਬਲ ਕੋਸ਼ਿਸ਼ਾਂ ਤੇ ਮੌਜੂਦਾ ਵੈਕਸੀਨਜ਼
ਦੁਨੀਆ ਭਰ ਵਿਚ ਵਿਅਕਤੀਗਤ ਕੈਂਸਰ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ। ਇਸ ਤੋਂ ਪਹਿਲਾਂ, ਫਲੋਰੀਡਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਚਾਰ ਮਰੀਜ਼ਾਂ 'ਤੇ ਵਿਅਕਤੀਗਤ ਵੈਕਸੀਨ ਦੀ ਜਾਂਚ ਕੀਤੀ ਸੀ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਹਿਊਮਨ ਪੈਪਿਲੋਮਾਵਾਇਰਸ (ਐੱਚਪੀਵੀ) ਅਤੇ ਹੈਪੇਟਾਈਟਸ ਬੀ (ਐੱਚਬੀਵੀ) ਵਰਗੇ ਵੈਕਸੀਨ ਉਪਲਬਧ ਹਨ, ਜੋ ਸਰਵਾਈਕਲ ਅਤੇ ਜਿਗਰ ਦੇ ਕੈਂਸਰ ਵਰਗੇ ਕੈਂਸਰਾਂ ਨੂੰ ਰੋਕਣ ਵਿਚ ਮਦਦਗਾਰ ਹਨ। ਰੂਸ, ਜਿਸ ਨੇ ਕੋਵਿਡ-19 ਮਹਾਮਾਰੀ ਦੌਰਾਨ ਆਪਣੀ ਸਪੁਤਨਿਕ ਵੀ ਵੈਕਸੀਨ ਵਿਕਸਿਤ ਕੀਤੀ ਸੀ, ਹੁਣ ਕੈਂਸਰ ਦੇ ਟੀਕਿਆਂ ਦੇ ਖੇਤਰ ਵਿਚ ਵੀ ਮੋਹਰੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ।
Russia s Big Claim In Medical Science Cancer Vaccine Ready Said Will Be Available For Free