ਸਰੀ ਗੁਰੂ ਸਿੰਘ ਸਭਾ ਗੁਰਦੁਆਰਾ ਵੱਲੋਂ ਸਰਦਾਰ ਬਹਾਦੁਰ ਸਿੰਘ ਤੇ ਸਰਦਾਰਨੀ ਪਰਵਿੰਦਰ ਕੌਰ ਦਾ ‘ਡਿਸਟਿੰਗਵਿਸ਼ਡ ਸੇਵਾ ਐਵਾਰਡ’ ਨਾਲ ਸਨਮਾਨ
ਸਰੀ ਗੁਰੂ ਸਿੰਘ ਸਭਾ ਗੁਰਦੁਆਰਾ ਵੱਲੋਂ ਸਰਦਾਰ ਬਹਾਦੁਰ ਸਿੰਘ ਤੇ ਸਰਦਾਰਨੀ ਪਰਵਿੰਦਰ ਕੌਰ ਦਾ ‘ਡਿਸਟਿੰਗਵਿਸ਼ਡ ਸੇਵਾ ਐਵਾਰਡ’ ਨਾਲ ਸਨਮਾਨ
ਸਰੀ ,ਬੀ.ਸੀ (ਗੁਰਪ੍ਰੀਤ ਸਿੰਘ ਧੰਜੂ )ਕੈਨੇਡਾ ਦੇ ਸਰੀ ਸ਼ਹਿਰ ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵੱਲੋਂ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਵਿਲੱਖਣ ਸੇਵਾਵਾਂ ਦੇ ਮੱਦੇਨਜ਼ਰ ਸਰਦਾਰ ਬਹਾਦੁਰ ਸਿੰਘ ਅਤੇ ਸਰਦਾਰਨੀ ਪਰਵਿੰਦਰ ਕੌਰ ਨੂੰ “ਡਿਸਟਿੰਗਵਿਸ਼ਡ ਸੇਵਾ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਅਤੇ ਸਿੱਖ ਆਗੂਆਂ ਦੀ ਹਾਜ਼ਰੀ ਵਿੱਚ ਇਹ ਸਨਮਾਨ ਭੇਟ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸਨਮਾਨਿਤ ਜੋੜੇ ਨੇ ਪੰਜਾਬ ਅਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਨੁੱਖਤਾ ਦੀ ਭਲਾਈ, ਲੋੜਵੰਦਾਂ ਦੀ ਸਹਾਇਤਾ ਅਤੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਸੇਵਾ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਨਿਸ਼ਕਾਮ ਸੇਵਾ, ਦਇਆ, ਨਿਮਰਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਸਮਾਜ ਲਈ ਪ੍ਰੇਰਣਾਦਾਇਕ ਹੈ।
ਸਨਮਾਨ ਪੱਤਰ ਵਿੱਚ ਦਰਜ ਹੈ ਕਿ ਸਰਦਾਰ ਬਹਾਦੁਰ ਸਿੰਘ ਅਤੇ ਸਰਦਾਰਨੀ ਪਰਵਿੰਦਰ ਕੌਰ ਨੇ ਆਪਣੀ ਦੂਰਅੰਦੇਸ਼ੀ, ਉਦਾਰਤਾ ਅਤੇ ਸੇਵਾ ਭਾਵਨਾ ਰਾਹੀਂ ਅਣਗਿਣਤ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਸਮਾਗਮ ਦੌਰਾਨ ਸੰਗਤ ਨੇ ਸਨਮਾਨਿਤ ਜੋੜੇ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਲੋਕ-ਭਲਾਈ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸੇਵਾਦਾਰ ਸਮਾਜ ਲਈ ਪ੍ਰੇਰਣਾ ਸਰੋਤ ਹਨ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਪੂਰੇ ਭਾਈਚਾਰੇ ਦਾ ਫ਼ਰਜ਼ ਹੈ। ਇਹ ਸਨਮਾਨ 28 ਜੂਨ 2026 ਨੂੰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਸਰੀ (ਬ੍ਰਿਟਿਸ਼ ਕੋਲੰਬੀਆ) ਵਿਖੇ ਭੇਟ ਕੀਤਾ ਗਿਆ।
Distinguished Seva Award