Delhi ਦੇ ਇਕ ਘਰ 'ਚੋਂ ਮਿਲੀਆਂ ਪੰਜ ਲਾਸ਼ਾਂ - ਚਾਰ ਧੀਆਂ ਸਮੇਤ ਪਿਤਾ ਨੇ ਕੀਤੀ ਖੁਦਕੁਸ਼ੀ, ਜਾਣੋ ਕੀ ਹੈ ਵਜ੍ਹਾ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਰਾਜਧਾਨੀ ਦਿੱਲੀ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਇੱਥੇ ਬਸੰਤ ਕੁੰਜ ਦੇ ਪਿੰਡ ਰੰਗਪੁਰੀ ਵਿਚ ਇਕ ਵਿਅਕਤੀ ਨੇ ਆਪਣੀਆਂ ਚਾਰ ਧੀਆਂ ਸਮੇਤ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਗੁਆਂਢੀ ਨੇ ਦੱਸਿਆ ਕਿ ਮ੍ਰਿਤਕ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਇੱਥੇ ਤਰਖਾਣ ਦਾ ਕੰਮ ਕਰਦਾ ਸੀ। ਉਸ ਦੀਆਂ ਚਾਰ ਧੀਆਂ ਅਪਾਹਜ ਸੀ। ਉਹ ਠੀਕ ਤਰ੍ਹਾਂ ਨਾਲ ਚੱਲ ਜਾਂ ਬੋਲ ਵੀ ਨਹੀਂ ਸਕਦੀਆਂ ਸੀ। ਵਿਅਕਤੀ ਦੀ ਪਤਨੀ ਦੀ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ।
ਘਰੋਂ ਬਦਬੂ ਆਉਣ 'ਤੇ ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ ਸੂਚਨਾ
ਇਸ ਖੁਦਕੁਸ਼ੀ ਦਾ ਉਦੋਂ ਪਤਾ ਲੱਗਾ ਜਦੋਂ ਉਸ ਦੇ ਗੁਆਂਢੀਆਂ ਨੂੰ ਉਸ ਦੇ ਘਰੋਂ ਬਦਬੂ ਆਉਣ ਲੱਗੀ ਤਾਂ ਲੋਕਾਂ ਨੇ ਸ਼ੁੱਕਰਵਾਰ ਸਵੇਰੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਨਹੀਂ ਖੋਲ੍ਹਿਆ। ਜਦੋਂ ਪੁਲਿਸ ਦਰਵਾਜ਼ਾ ਤੋੜ ਕੇ ਅੰਦਰ ਗਈ ਤਾਂ ਉਹ ਹੈਰਾਨ ਰਹਿ ਗਏ। ਜਦੋਂ ਪੁਲਸ ਟੀਮ ਕਮਰੇ 'ਚ ਦਾਖਲ ਹੋਈ ਤਾਂ ਪਹਿਲੇ ਕਮਰੇ ਦੇ ਬੈੱਡ 'ਤੇ ਹੀਰਾਲਾਲ ਦੀ ਲਾਸ਼ ਪਈ ਸੀ। ਦੂਜੇ ਕਮਰੇ ਵਿੱਚ ਚਾਰੇ ਧੀਆਂ ਦੀਆਂ ਲਾਸ਼ਾਂ ਮੰਜੇ ’ਤੇ ਪਈਆਂ ਸੀ।
ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਕੀਤੀ ਸ਼ੁਰੂ
ਡੀਸੀਪੀ ਰੋਹਿਤ ਮੀਨਾ ਨੇ ਦੱਸਿਆ ਕਿ ਵਸੰਤ ਕੁੰਜ ਦੱਖਣੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ 50 ਸਾਲਾ ਹੀਰਾ ਲਾਲ ਆਪਣੇ ਪਰਿਵਾਰ ਸਮੇਤ ਪਿੰਡ ਰੰਗਪੁਰੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਪਤਨੀ ਦੀ ਪਹਿਲਾਂ ਮੌਤ ਹੋ ਗਈ ਸੀ। ਹੁਣ ਪਰਿਵਾਰ ਵਿੱਚ 18 ਸਾਲ ਦੀ ਨੀਤੂ, 15 ਸਾਲ ਦੀ ਨਿਸ਼ੀ, 10 ਸਾਲ ਦੀ ਨੀਰੂ ਅਤੇ ਅੱਠ ਸਾਲ ਦੀ ਨਿਧੀ ਸ਼ਾਮਲ ਸਨ। ਚਾਰੇ ਧੀਆਂ ਅਪਾਹਜ ਹੋਣ ਕਾਰਨ ਤੁਰਨ-ਫਿਰਨ ਤੋਂ ਅਸਮਰੱਥ ਸਨ। ਹੀਰਾਲਾਲ, ਜੋ ਕਿ ਵਸੰਤ ਕੁੰਜ ਸਥਿਤ ਸਪਾਈਨਲ ਇੰਜਰੀ ਹਸਪਤਾਲ ਵਿਚ ਤਰਖਾਣ ਦਾ ਕੰਮ ਕਰਦਾ ਸੀ, ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੀ।
ਨਹੀਂ ਮਿਲਿਆ ਕੋਈ ਸੁਸਾਈਡ ਨੋਟ
ਡੀਸੀਪੀ ਰੋਹਿਤ ਮੀਨਾ ਨੇ ਦੱਸਿਆ ਕਿ ਸੀਬੀਆਈ ਦੀ ਐੱਫਐੱਸਐੱਲ ਟੀਮ ਨੂੰ ਮੌਕੇ ਤੋਂ ਸਬੂਤ ਇਕੱਠੇ ਕਰਨ ਲਈ ਬੁਲਾਇਆ ਗਿਆ ਸੀ। ਜਾਂਚ ਨਾਲ ਜੁੜੇ ਸੂਤਰਾਂ ਮੁਤਾਬਕ ਪਰਿਵਾਰ ਨੇ ਸਲਫਾਸ ਖਾ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੂੰ ਇਸ ਸਬੰਧੀ ਸਬੂਤ ਵੀ ਮਿਲੇ ਹਨ। ਪੁਲਿਸ ਨੇ ਇਸ ਘਟਨਾ ਦੀ ਸੂਚਨਾ ਦਿੱਲੀ ਰਹਿੰਦੇ ਹੀਰਾਲਾਲ ਦੇ ਵੱਡੇ ਭਰਾ ਜੋਗਿੰਦਰ ਨੂੰ ਦਿੱਤੀ ਸੀ। ਹਾਲਾਂਕਿ ਪੁਲਸ ਨੂੰ ਅਜੇ ਤੱਕ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਇਸ ਦਾ ਕਾਰਨ ਬੇਟੀਆਂ ਦੀ ਅਪੰਗਤਾ ਮੰਨਿਆ ਜਾ ਰਿਹਾ ਹੈ।
Five Dead Bodies Found In A House In Delhi Father Committed Suicide Along With Four Daughters