ਮੁੱਖ ਮੰਤਰੀ ਨੇ ਰਸੂਖਦਾਰਾਂ ਤੋਂ 2828 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਉਣ ਦੀ ਮੁਹਿੰਮ ਦੀ ਵਾਗਡੋਰ ਖੁਦ ਸੰਭਾਲੀ, ਦਿੱਤੀ ਇਹ ਚਿਤਾਵਨੀ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ, ਚੰਡੀਗੜ੍ਹ : ਇਤਿਸਾਕ ਕਾਰਵਾਈ ਨੂੰ ਅੰਜ਼ਾਮ ਦਿੰਦੇ ਹੋਏ ਐੱਸਏਐੱਸ ਨਗਰ ਜ਼ਿਲ੍ਹੇ ਦੇ ਬਲਾਕ ਮਾਜਰੀ ਵਿਚ 2828 ਏਕੜ ਕੀਮਤੀ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਲਈ ਸੂਬਾ ਸਰਕਾਰ ਦੀ ਮੁਹਿੰਮ ਦੀ ਵਾਗਡੋਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ। ਇਹ ਜ਼ਮੀਨ 15 ਰਸੂਖਵਾਨ ਕਾਬਜ਼ਕਾਰਾਂ ਕੋਲੋਂ ਛੁਡਵਾਈ ਗਈ, ਜਿਨ੍ਹਾਂ ਵਿਚ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਪੁੱਤਰ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਵੀ ਸ਼ਾਮਲ ਹਨ।
ਪਿੰਡ ਛੋਟੀ ਬੜੀ ਨੰਗਲ ਵਿਚ ਕਬਜ਼ਾ ਲੈਣ ਦੀ ਮੁਹਿੰਮ ਦੀ ਖੁਦ ਅਗਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਹਿੰਗੀ ਜ਼ਮੀਨ ਪਹਾੜੀਆਂ ਦੀਆਂ ਜੜ੍ਹਾਂ ਵਿਚ ਸਥਿਤ ਹੈ ਅਤੇ ਇਸ ਜ਼ਮੀਨ ਉਪਰ ਕੁਝ ਰਸੂਖਵਾਨ ਅਫਸਰਾਂ ਅਤੇ ਸਿਆਸਤਦਾਨਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਣਅਧਿਕਾਰਤ ਕਾਬਜ਼ਕਾਰਾਂ ਵਿਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਪੁੱਤਰ ਈਮਾਨਜੀਤ ਸਿੰਘ ਮਾਨ ਨੇ 125 ਏਕੜ ਉਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਹਰਮਨਦੀਪ ਸਿੰਘ ਨੇ ਪੰਜ ਏਕੜ ਉਤੇ ਕਾਬਜ਼ ਸੀ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਦੇ ਸੰਸਦ ਮੈਂਬਰ ਦੀ ਸਪੁੱਤਰੀ ਅਤੇ ਜਵਾਈ ਨੇ ਵੀ ਅਣ-ਅਧਿਕਾਰਤ ਤੌਰ ਉਤੇ ਮਹਿੰਗੇ ਭਾਅ ਵਾਲੀ 28 ਏਕੜ ਜ਼ਮੀਨ ਉਤੇ ਕਬਜ਼ਾ ਕੀਤਾ ਹੋਇਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ 1100 ਏਕੜ ਜ਼ਮੀਨ ਉਤੇ ਫੌਜਾ ਸਿੰਘ ਨੇ ਕਬਜ਼ਾ ਕੀਤਾ ਹੋਇਆ ਸੀ, ਜੋ ਇਨਫਰਾਸਟਰੱਕਚਰ ਕੰਪਨੀ ਚਲਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 9053 ਏਕੜ ਕੀਮਤੀ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ ਜਿਸ ਉਪਰ ਕੁਝ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਦੀ ਪਾਰਟੀ ਦੀ ਚੋਣ ਮੁਹਿੰਮ ਦੌਰਾਨ ਲੋਕਾਂ ਨੂੰ ਦਿੱਤੀ ਚੋਣ ਗਾਰੰਟੀ ਦੇ ਤਹਿਤ ਕੀਤੀ ਗਈ ਹੈ ਕਿਉਂ ਜੋ ਪਾਰਟੀ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜਿਹੜੇ ਰਸੂਖਵਾਨਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕਰਕੇ ਬੇਰਹਿਮੀ ਨਾਲ ਪੈਸੇ ਦੀ ਲੁੱਟ-ਖਸੁੱਟ ਕੀਤੀ, ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ।
The chief minister himself took the reins of the campaign to free the possession of 2828 acres of land from the rasukhdars