ਬੰਦੀ ਸਿੰਘਾਂ ਦੀ ਰਿਹਾਈ ਲਈ SGPC ਵੱਲੋਂ 12 ਸਤੰਬਰ ਤੋਂ ਸੰਘਰਸ਼ ਦਾ ਐਲਾਨ, ਹੁਣ ਲਾਏ ਜਾਣਗੇ ਧਰਨੇ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ, ਅੰਮ੍ਰਿਤਸਰ: ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਮੀਟਿੰਗ ਕਰਕੇ SGPC ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਚਾਰ ਫਰੰਟਾਂ ’ਤੇ ਕੰਮ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ। ਇਸ ਸਬੰਧੀ 12 ਸਤੰਬਰ ਤੋਂ ਸੰਘਰਸ਼ ਸ਼ੁਰੂ ਕੀਤਾ ਜਾਣਾ ਹੈ। ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤੇ ਪ੍ਰਸਤਾਵਾਂ ਦੀ ਪਹਿਲੀ ਕੜੀ ਵਿੱਚ 12 ਸਤੰਬਰ ਨੂੰ ਕਮੇਟੀ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਡੀਸੀ ਅਤੇ ਯੂਟੀ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਬਾਹਰ ਧਰਨਾ ਦਿੱਤਾ ਜਾਵੇਗਾ।
ਇਸ ਵਿੱਚ ਕਮੇਟੀ ਮੈਂਬਰ ਕਾਲੇ ਚੋਲੇ ਅਤੇ ਸੰਗਲਾਂ ਪਾ ਕੇ ਸਰਕਾਰ ਦੇ ਅੜੀਅਲ ਰਵੱਈਏ ਖ਼ਿਲਾਫ਼ ਰੋਸ ਪ੍ਰਗਟ ਕਰਨਗੇ। ਇਸ ਦੇ ਨਾਲ ਹੀ ਸੰਘਰਸ਼ ਨੂੰ ਲੋਕ ਲਹਿਰ ਬਣਾਉਣ ਲਈ ਦਸਤਖ਼ਤੀ ਮੁਹਿੰਮ ਵੀ ਚਲਾਈ ਜਾਵੇਗੀ। ਬੰਦੀ ਸਿੱਖਾਂ ਦੀ ਰਿਹਾਈ ਲਈ ਕਾਨੂੰਨੀ ਸਲਾਹ-ਮਸ਼ਵਰੇ ਲਈ ਸੇਵਾਮੁਕਤ ਜੱਜਾਂ, ਵਕੀਲਾਂ ਅਤੇ ਸਿੱਖ ਪੰਥ ਦੇ ਵਿਦਵਾਨਾਂ ਦਾ ਇੱਕ ਪੈਨਲ ਬਣਾਇਆ ਜਾਵੇਗਾ, ਜੋ ਇਸ ਵਿੱਚ ਸਹਾਈ ਹੋਵੇਗਾ।
ਥਾਂ-ਥਾਂ ਕਾਊਂਟਰ ਲਗਾਏ ਜਾਣਗੇ, ਸੰਗਤ ਨਾਲ ਫਾਰਮ ਭਰੇ ਜਾਣਗੇ।ਕਮੇਟੀ ਵੱਲੋਂ ਥਾਂ-ਥਾਂ ਕਾਊਂਟਰ ਲਾਏ ਜਾਣਗੇ, ਨਾਲ ਹੀ ਗੁਰੂਧਾਮਾਂ, ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਦੇ ਮੁੱਖ ਸਥਾਨਾਂ ’ਤੇ ਸੰਗਤਾਂ ਤੋਂ ਫਾਰਮ ਭਰੇ ਜਾਣਗੇ। ਇਸ ਦੇ ਨਾਲ ਹੀ ਸ਼ਹਿਰਾਂ ਦੇ ਅਹਿਮ ਚੌਕਾਂ ‘ਤੇ ਬੰਦੀ ਸਿੱਖਾਂ ਨਾਲ ਸਬੰਧਤ ਪੋਸਟਰ, ਹੋਰਡਿੰਗਜ਼ ਵੀ ਲਗਾਏ ਜਾਣਗੇ। ਧਰਨੇ ਦੀ ਅਗਲੀ ਕੜੀ ਵਿੱਚ ਕਮੇਟੀ ਦੇ ਸਾਰੇ ਮੈਂਬਰ ਸਾਂਝੇ ਤੌਰ ’ਤੇ ਸੂਬੇ ਦੇ ਰਾਜਪਾਲ ਨੂੰ ਮਿਲਣਗੇ ਅਤੇ ਦਸਤਖਤ ਕੀਤੇ ਫਾਰਮ ਅਤੇ ਮੰਗ ਪੱਤਰ ਸੌਂਪਣਗੇ।
SGPC has announced a struggle for the release of the captive Singhs from September 12