ਚੰਡੀਗੜ੍ਹ 'ਚ ਇਕ ਵਾਰ ਫਿਰ ਖੋਲ੍ਹੇ ਗਏ ਸੁਖਨਾ ਦੇ ਫਲੱਡ ਗੇਟ, ਇਨ੍ਹਾਂ ਇਲਾਕਿਆਂ 'ਚ ਭਰੇਗਾ ਨੱਕੋ-ਨੱਕ ਪਾਣੀ
LPTV / Chandigarh
ਸਟੇਟ ਡੈਸਕ: ਕੁਦਰਤ ਦੀ ਮਾਰ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਝਲ ਰਹੇ ਹਨ। ਕਈ ਅਜਿਹੇ ਪਿੰਡ ਵੀ ਹਨ, ਜਿਨ੍ਹਾਂ ਤਕ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਪੁੱਜਾ ਨਾ ਹੀ ਕਈ ਪ੍ਰਸ਼ਾਸਨਿਕ ਅਧਿਕਾਰੀ, ਜਿਸ ਕਾਰਨ ਲੋਕ ਨਿਰਾਸ਼ਾ ਦੇ ਆਲਮ 'ਚੋਂ ਗੁਜਰ ਰਹੇ ਹਨ। ਹੁਣ ਇਕ ਹੋਰ ਵੱਡੀ ਖ਼ਬਰ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਕਾਰਨ ਚੰਡੀਗੜ੍ਹ ਦੇ ਕੁਝ ਇਲਾਕਿਆਂ ਜਿੱਥੋਂ ਸੁਖਨਾ ਨਿਕਲਦੀ ਹੈ, ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਇਨ੍ਹਾਂ ਇਲਾਕਿਆਂ ਵਿੱਚ ਬਾਹਰ ਨਾ ਜਾਣ ਲਈ ਕਿਹਾ ਹੈ।
ਚੰਡੀਗੜ੍ਹ ਪੁਲਿਸ ਨੇ ਸ਼ਾਸਤਰੀ ਨਗਰ, ਸੀਟੀਯੂ ਵਰਕਸ਼ਾਪ, ਮੱਖਣ ਮਾਜਰਾ, ਪਿੰਡ ਕਿਸ਼ਨਗੜ੍ਹ ਵਿਚ ਸੁਖਨਾ ’ਤੇ ਬਣੇ ਪੁਲ ਨੂੰ ਬੰਦ ਕਰ ਦਿਤਾ ਹੈ। ਜਦੋਂ ਤੱਕ ਪਾਣੀ ਦਾ ਪੱਧਰ ਨਹੀਂ ਘੱਟਦਾ, ਉਦੋਂ ਤੱਕ ਇਹ ਸੜਕ ਬੰਦ ਰਹੇਗੀ।
ਸੁਖਨਾ ਵਿਚ ਪਿਛਲੇ ਦਿਨੀਂ ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਫਲੱਡ ਗੇਟ ਖੋਲ੍ਹਣੇ ਪਏ ਸਨ। ਇਸ ਕਾਰਨ ਬਾਪੂਧਾਮ ਤੋਂ ਮਨੀਮਾਜਰਾ ਨੂੰ ਜਾਂਦੇ ਰਸਤੇ ’ਤੇ ਪਾਣੀ ਦਾ ਪੱਧਰ ਵਧਣ ਕਾਰਨ ਪੁਲ ਟੁੱਟ ਗਿਆ। ਪੁਲ ਦੇ ਨਾਲ ਹੀ ਮਨੀਮਾਜਰਾ ਨੂੰ ਜਾਂਦੀ ਪਾਣੀ ਦੀ ਲਾਈਨ ਵੀ ਟੁੱਟ ਗਈ। ਇਸ ਨੂੰ ਨਗਰ ਨਿਗਮ ਚੰਡੀਗੜ੍ਹ ਨੇ ਠੀਕ ਕਰ ਦਿਤਾ ਹੈ।
The flood gate of Sukhna opened once again in Chandigarh will fill these areas with water