ਲਾਰੈਂਸ ਤੇ ਜੱਗੂ ਵੱਲੋਂ ਕਤਲ ਕੇਸ 'ਚ ਸ਼ਾਮਲ ਹੋਣ ਤੋਂ ਮੁਕਰਣ ਮਗਰੋਂ ਬਲਕੌਰ ਸਿੰਘ ਸਿੱਧੂ ਦਾ ਤਿੱਖਾ ਹਮਲਾ, ਆਖੀ ਇਹ ਗੱਲ
LPTV / Chandigarh
ਸਟੇਟ ਡੈਸਕ : ਗੈਂਗਸਟਰ ਲਾਰੈਂਸ ਤੇ ਜੱਗੂ ਭਗਵਾਨਪੁਰੀਆ ਵੱਲੋਂ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਨਾ ਹੋਣ ਦਾ ਦਾਅਵਾ ਕਰਨ ਮਗਰੋਂ ਪਿਤਾ ਬਲਕੌਰ ਸਿੰਘ ਸਿੱਧੂ ਨੇ ਤਿੱਖਾ ਹਮਲਾ ਬੋਲਿਆ ਹੈ। ਬਲਕੌਰ ਸਿੰਘ ਨੇ ਕਿਹਾ ਹੈ ਕਿ ਇਸ ਕਤਲ ਨਾਲ ਖ਼ੁਦ ਨੂੰ ਜੋੜ ਕੇ ਮਸ਼ਹੂਰੀਆਂ ਖੱਟਣ ਵਾਲੇ ਗੈਂਗਸਟਰਾਂ ਨੇ ਫ਼ਿਰੌਤੀਆਂ ਦੀਆਂ ਕੀਮਤਾਂ ਵਧਾ ਲਈਆਂ ਤੇ ਹੁਣ ਜਦੋਂ ਸਜ਼ਾ ਦਾ ਮਾਮਲਾ ਨੇੜੇ ਲੱਗਣ ਲੱਗਾ ਹੈ ਤਾਂ ਇੰਟਰਵਿਊ ਤੋਂ ਵੀ ਮੁਕਰਨ ਲੱਗੇ ਹਨ।
ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਤੇ ਜੱਗੂ ਦੇ ਵਕੀਲਾਂ ਵੱਲੋਂ ਮੰਗਲਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਦਾਅਵਾ ਕੀਤਾ ਸੀ ਕਿ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਉਨ੍ਹਾਂ ਪੁਲਿਸ ਦੀ ਚਾਰਜਸ਼ੀਟ ਨੂੰ ਵੀ ਗ਼ਲਤ ਦੱਸਿਆ ਹੈ। ਇਸ ਸਬੰਧ ’ਚ ਬਲਕੌਰ ਸਿੰਘ ਨੇ ਕਿਹਾ ਕਿ ਕੱਲ੍ਹ ਤੱਕ ਲਾਰੈਂਸ ਬਿਸ਼ਨੋਈ ਮੀਡੀਆ ਨੂੰ ਇੰਟਰਵਿਊ ਦੇ ਕੇ ਪੰਜਾਬੀ ਗਾਇਕ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਂਦਾ ਰਿਹਾ ਸੀ। ਹੁਣ ਕਤਲ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਕਹਿ ਕੇ ਸਚਾਈ ਤੋਂ ਭੱਜ ਰਿਹਾ ਹੈ।
ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਕੇ ਇਨ੍ਹਾਂ ਗੈਂਗਸਟਰਾਂ ਨੇ ਆਪਣੀਆਂ ਫਿਰੌਤੀਆਂ ਦਾ ਘੇਰਾ ਤੇ ਕੀਮਤਾਂ ਵਧਾਈਆਂ ਹਨ ਤੇ ਦੁਨੀਆਂ ਭਰ ਵਿੱਚ ਮਸ਼ਹੂਰੀਆਂ ਖੱਟੀਆਂ ਹਨ ਤੇ ਹੁਣ ਪੰਜਾਬ ਦੇ ਵਪਾਰੀਆਂ ਨੂੰ ਡਰਾ ਕੇ ਖੌਫ਼ ਪੈਦਾ ਕਰਨ ਵਾਲੇ ਸਜ਼ਾ ਵੇਲੇ ਮੁੱਕਰ ਰਹੇ ਹਨ। ਮਰਹੂਮ ਗਾਇਕ ਦੇ ਪਿਤਾ ਨੇ ਕਿਹਾ ਕਿ ਅਦਾਲਤ ਵਿੱਚ ਮੁਲਜ਼ਮਾਂ ਉਪਰ ਦੋਸ਼ ਆਇਦ ਹੋਣੇ ਸਨ, ਇਸ ਲਈ ਵਕੀਲਾਂ ਨੇ ਕੇਸ ਨੂੰ ਲਟਕਾਉਣ ਲਈ ਇਹ ਅਰਜ਼ੀਆਂ ਲਗਾਈਆਂ ਹਨ।
Balkaur Singh Sidhus sharp attack after denying Lawrence and Jaggus involvement in the murder case