ਭਾਰਤ-ਕੈਨੇਡਾ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਲਈ ਅਨੀਤਾ ਆਨੰਦ ਭਲਕ ਤੋਂ ਭਾਰਤ ਦੌਰੇ 'ਤੇ
October 13, 2026 / international
Live Punjabi TV /
ਓਟਵਾ: Canada
ਯੂ.ਏ.ਈ. ਵੀ ਜਾਣਗੇ
ਵਪਾਰ, ਊਰਜਾ ਅਤੇ ਸੁਰੱਖਿਆ ਸਹਿਯੋਗ ਵਧਾਉਣ ਬਾਰੇ ਹੋਵੇਗੀ ਗੱਲਬਾਤ,
ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ 13 ਅਕਤੂਬਰ ਤੋਂ ਭਾਰਤ ਦੇ ਦੌਰੇ 'ਤੇ ਜਾ ਰਹੇ ਹਨ। ਇਸ ਦੌਰਾਨ ਵਹ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ। ਦੋਨਾਂ ਆਗੂਆਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ, ਵਪਾਰ ਵਧਾਉਣ ਅਤੇ ਊਰਜਾ, ਰੱਖਿਆ ਤੇ ਸੁਰੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਹੋਵੇਗਾ। ਇਹ ਦੌਰਾ 16 ਅਕਤੂਬਰ ਤੱਕ ਚੱਲੇਗਾ, ਜਿਸ ਦੌਰਾਨ ਅਨੀਤਾ ਆਨੰਦ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵੀ ਜਾਣਗੇ।
ਕੈਨੇਡਾ ਦੇ ਵਿਦੇਸ਼ ਮੰਤਰਾਲੇ, ਗਲੋਬਲ ਅਫੇਅਰਜ਼ ਕੈਨੇਡਾ, ਵੱਲੋਂ ਜਾਰੀ ਬਿਆਨ ਅਨੁਸਾਰ ਇਸ ਦੌਰੇ ਦਾ ਮੁੱਖ ਉਦੇਸ਼ ਭਾਰਤ ਅਤੇ ਯੂ.ਏ.ਈ. ਨਾਲ ਕੈਨੇਡਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਭਾਰਤ ਨਾਲ ਗੱਲਬਾਤ ਵਿੱਚ ਵਪਾਰ, ਊਰਜਾ, ਰੱਖਿਆ, ਸੁਰੱਖਿਆ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਵਰਗੇ ਮੁੱਦੇ ਅਹਿਮ ਰਹਿਣਗੇ।
ਅਨੀਤਾ ਆਨੰਦ ਅਤੇ ਐੱਸ. ਜੈਸ਼ੰਕਰ ਦੀ ਇਹ ਮੁਲਾਕਾਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸਤੰਬਰ 2025 ਤੋਂ ਬਾਅਦ ਦੋਨਾਂ ਆਗੂਆਂ ਦੀ ਇਹ 11ਵੀਂ ਮੁਲਾਕਾਤ ਹੋਵੇਗੀ। ਪਿਛਲੇ ਸਮੇਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਤੋਂ ਬਾਅਦ ਉੱਚ ਪੱਧਰੀ ਗੱਲਬਾਤ ਨੂੰ ਸਬੰਧਾਂ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਵਜੋਂ ਵੇਖਿਆ ਜਾ ਰਿਹਾ ਹੈ।
ਭਾਰਤ ਦੌਰੇ ਦੌਰਾਨ ਅਨੀਤਾ ਆਨੰਦ ਨਵੀਂ ਦਿੱਲੀ ਵਿੱਚ ਹੋਣ ਵਾਲੇ ਬਲੂਮਬਰਗ ਨਿਊ ਇਕਾਨਮੀ ਫੋਰਮ ਵਿੱਚ ਵੀ ਹਿੱਸਾ ਲੈਣਗੇ। ਵਹ ਬਦਲਦੀ ਵਿਸ਼ਵ ਵਿਵਸਥਾ ਅਤੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਮੱਧ ਸ਼ਕਤੀਆਂ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕਰਨਗੇ। ਇਸ ਮੰਚ ਰਾਹੀਂ ਕੈਨੇਡਾ ਦੀ ਭਾਰਤ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨਾਲ ਸਾਂਝ ਮਜ਼ਬੂਤ ਕਰਨ ਦੀ ਨੀਤੀ ਵੀ ਉਭਰ ਕੇ ਸਾਹਮਣੇ ਆਵੇਗੀ।
ਭਾਰਤ ਤੋਂ ਬਾਅਦ ਯੂ.ਏ.ਈ. ਵਿੱਚ ਵਹ ਉੱਥੋਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇੱਥੇ ਵਪਾਰਕ ਸਬੰਧਾਂ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਅਤੇ ਖੇਤਰੀ ਸ਼ਾਂਤੀ ਤੇ ਸੁਰੱਖਿਆ ਬਾਰੇ ਚਰਚਾ ਹੋਵੇਗੀ।
ਇਹ ਦੌਰਾ ਕੈਨੇਡਾ ਲਈ ਏਸ਼ੀਆ ਦੇ ਦੋ ਅਹਿਮ ਭਾਈਵਾਲਾਂ ਨਾਲ ਸਬੰਧ ਮਜ਼ਬੂਤ ਕਰਨ ਦਾ ਮੌਕਾ ਹੈ। ਇਸਦੀ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਗੱਲਬਾਤ ਤੋਂ ਬਾਅਦ ਵਪਾਰ, ਸੁਰੱਖਿਆ ਅਤੇ ਹੋਰ ਸਾਂਝੇ ਖੇਤਰਾਂ ਵਿੱਚ ਕਿੰਨੀ ਠੋਸ ਤਰੱਕੀ ਹੁੰਦੀ ਹੈ।
Anita Anand To Visit India Starting Tomorrow To Give A New Direction To India Canada Relations