SGPC ਨੇ ਕੀਤਾ 1138 ਕਰੋੜ ਰੁਪਏ ਦਾ ਬਜਟ ਪਾਸ
LPTV / Chandigarh
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸਾਲ 2023-24 ਦਾ ਸਾਲਾਨਾ ਬਜਟ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਪਾਸ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਏ ਜਨਰਲ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ 11 ਅਰਬ 38 ਕਰੋੜ 14 ਲੱਖ ਰੁਪਏ ਦਾ ਬਜਟ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਬਜਟ ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।
ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਪਣੇ ਬਜਟ ਭਾਸ਼ਣ ਵਿਚ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਲਈ ਹੋਣ ਵਾਲੀ ਆਮਦਨ ਦੇ ਵੇਰਵੇ ਸਾਂਝੇ ਕਰਦਿਆਂ ਵੱਖ-ਵੱਖ ਭਵਿੱਖੀ ਕਾਰਜਾਂ ਲਈ ਰੱਖੀ ਗਈ ਰਾਸ਼ੀ ਦਾ ਖੁਲਾਸਾ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਅਰਸੇ ਵਿਚ ਕੀਤੇ ਗਏ ਪੰਥਕ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਵੀ ਤਫਤੀਸ ਸਾਂਝੀ ਕੀਤੀ। ਇਹ ਪਹਿਲੀ ਵਾਰ ਸੀ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਲਗਾਈ ਵੱਡ ਅਕਾਰੀ ਸਕਰੀਨ ’ਤੇ ਨਾਲੋ-ਨਾਲ ਵੇਰਵੇ ਨਸ਼ਰ ਕੀਤੇ ਜਾਂਦੇ ਰਹੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਇਸ ਵਾਰ ਬੀਤੇ ਵਰ੍ਹੇ ਨਾਲੋਂ 17 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਦਾ ਬਜਟ 9 ਅਰਬ 88 ਕਰੋੜ ਰੁਪਏ ਦੇ ਲਗਪਗ ਸੀ, ਜਦਕਿ ਇਸ ਵਾਰ 11 ਅਰਬ 38 ਕਰੋੜ ਰੁਪਏ ਦਾ ਅਨੁਮਾਨ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਪਾਸ ਕੀਤੇ ਗਏ ਬਜਟ ਵਿਚ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੈਕਸ਼ਨ 85 ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ, ਵਿਦਿਅਕ ਅਦਾਰੇ, ਪ੍ਰਿੰਟਿੰਗ ਪ੍ਰੈੱਸਾਂ ਆਦਿ ਸ਼ਾਮਲ ਹਨ। ਕੁਲ ਬਜਟ ਵਿੱਚੋਂ ਗੁਰਦੁਆਰਾ ਸਾਹਿਬਾਨ ਦਾ ਬਜਟ 8 ਅਰਬ 55 ਕਰੋੜ ਰੁਪਏ ਹੈ।
SGPC passed a budget of Rs 1138 crore