ਚੱਕ ਸ਼ੇਰੇ ਵਾਲੇ ਦੇੇ ਕਮਿਊਨਟੀ ਹੈਲਥ ਸੈਂਟਰ 'ਚ ਡਾਕਟਰਾਂ ਦੀ ਕਮੀ, ਲੋਕ ਹੋ ਰਹੇ ਖੱਜਲ
ਸਰਕਾਰੀ ਕਾਗਜ਼ਾਂ 'ਚ 90 ਪਿੰਡਾਂ ਨੂੰ ਦੇ ਰਿਹਾ ਸਿਹਤ ਸੇਵਾਵਾਂ
ਹਸਪਤਾਲ 'ਚ ਖਾਲੀ ਹਨ 10 ਤੋਂ ਵੱਧ ਵੱਖ-ਵੱਖ ਪੋਸਟਾਂ
ਸ੍ਰੀ ਮੁਕਤਸਰ ਸਾਹਿਬ/ਲੱਖੇਵਾਲੀ, ਬੂਟਾ ਸਿੰਘ : ਪਿੰਡ ਚੱਕ ਸ਼ੇਰੇ ਵਾਲੇ ਦਾ ਕਮਿਊਨਟੀ ਹੈਲਥ ਸੈਂਟਰ ਵਿਧਾਨ ਸਭਾ ਹਲਕਾ ਮਲੋਟ ਦੇ ਅਧੀਨ ਆਉਂਦਾ ਹਲਕਾ ਵਿਧਾਇਕ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਹਲਕੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਦਾ ਖਿਆਲ ਰੱਖਣਾ ਪਰ ਹਲਕਾ ਮਲੋਟ ਤੋਂ ਵਿਧਾਇਕ ਹੀ ਨਹੀਂ, ਬਲਕਿ ਕੈਬਨਿਟ ਦੇ ਵਿੱਚ ਮੰਤਰੀ ਡਾਕਟਰ ਬਲਜੀਤ ਕੌਰ ਜੀ ਜੋ ਕਿ ਪੇਸ਼ੇ ਤੋਂ ਇੱਕ ਡਾਕਟਰ ਹਨ, ਜਿਨਾਂ ਨੇ ਲੰਮਾ ਸਮਾਂ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ । ਚੱਕ ਸ਼ੇਰੇ ਵਾਲੇ ਦਾ ਹਸਪਤਾਲ ਡਾਕਟਰ ਬਲਜੀਤ ਕੌਰ ਦੇ ਪਿਛਲੇ ਲੰਬੇ ਸਮੇਂ ਤੋਂ ਹੀ ਧਿਆਨ ਦੇ ਵਿੱਚ ਹੈ। ਇੱਥੇ ਲੰਬੇ ਸਮੇਂ ਤੋਂ ਹੀ ਡਾਕਟਰਾਂ ਦੀ ਕਮੀ ਰੜਕਦੀ ਰਹੀ ਹੈ । ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਕਰੀਬ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਇੱਥੋਂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਆਪਣੇ ਹਲਕੇ ਦੇ ਹਸਪਤਾਲ 'ਚ ਡਾਕਟਰ ਨਹੀਂ ਪੂਰੇ ਕਰ ਸਕੇੇ ਚੱਕ ਸ਼ੇਰੇ ਵਾਲੇ ਦਾ ਸਰਕਾਰੀ ਹਸਪਤਾਲ ਕਾਗਜ਼ਾਂ ਵਿੱਚ ਤਾਂ 90 ਪਿੰਡਾਂ ਨੂੰ ਸਿਹਤ ਸੇਵਾਵਾਂ ਦੇ ਰਿਹਾ ਹੈ ਪਰ ਇਸ 30 ਬੈੱਡ ਵਾਲੇ ਹਸਪਤਾਲ ਦੀ ਹਕੀਕਤ ਕੁਝ ਹੋ ਰਹੀ ਹੈ। 19 ਅਪ੍ਰੈਲ 1959 ਈਸਵੀ 'ਚ ਬਣੇ ਸਰਕਾਰੀ ਹਸਪਤਾਲ ਨੂੰ ਕਰੀਬ 65 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਟਾਫ ਪੱਖੋਂ ਫੇਲ੍ਹ ਹੀ ਸਾਬਤ ਹੋਇਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇਸ ਹਸਪਤਾਲ ਨੂੰ ਤਿੰਨ ਵਿਧਾਨ ਸਭਾ ਹਲਕਿਆਂ ਦੇ ਪਿੰਡ ਲੱਗਦੇ ਹਨ, ਜਿਨ੍ਹਾਂ 'ਚ ਮੁਕਤਸਰ ਸਾਹਿਬ ਮਲੋਟ ਤੇ ਗਿੱਦੜਬਾਹਾ ਹਲਕੇ ਦੇ ਵੀ ਕੁੱਝ ਪਿੰਡ ਲਗਦੇ ਹਨ।
ਕੁੱਲ ਇੰਨੀਆਂ ਪੋਸਟਾਂ ਹਨ ਖਾਲੀ
ਇਸ ਹਸਪਤਾਲ 'ਚ ਜੇਕਰ ਡਾਕਟਰਾਂ ਦੀਆਂ ਪੋਸਟਾਂ ਦੀ ਗੱਲ ਕਰੀਏ ਤਾਂ ਮੈਡੀਕਲ ਅਫਸਰਾਂ ਦੀਆਂ ਦੋ ਪੋਸਟਾਂ ਹਨ, ਜਿਨ੍ਹਾਂ ਵਿੱਚੋਂ ਇੱਕ ਖਾਲੀ ਹੈ। ਸੁਪਰ ਸਪੈਸ਼ਲਿਸਟ ਡਾਕਟਰਾਂ ਦੀਆਂ ਦੋ ਪੋਸਟਾਂ ਹਨ ਉਹ ਦੋਵੇਂ ਹੀ ਖਾਲੀ ਹਨ। ਸਟਾਫ ਨਰਸ ਦੀਆਂ ਰੈਗੂਲਰ 6 ਪੋਸਟਾਂ ਹਨ, ਜਿਨ੍ਹਾਂ ਵਿੱਚੋਂ 4 ਖਾਲੀ ਹਨ । ਲੈਬੋਰਟਰੀ ਟੈਕਨੀਸ਼ਨਾਂ ਦੀਆਂ ਰੈਗੂਲਰ ਦੋ ਪੋਸਟਾਂ ਹਨ ਦੋਵੇਂ ਹੀ ਖਾਲੀ ਹਨ । ਇਸ ਤਰ੍ਹਾਂ ਹੀ ਕਲਾਸ ਸੀ ਤੇ ਕਲਾਸ ਬੀ ਦੀਆਂ ਵੀ ਪੋਸਟਾਂ ਖਾਲੀ ਹਨ, ਜੇਕਰ ਇਸ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਵਿੱਚ ਇਸ ਹਸਪਤਾਲ 'ਚ ਆਪਣਾ ਇਲਾਜ ਕਰਾਉਣ ਲਈ ਮਰੀਜ਼ ਆਉਂਦੇ ਹਨ ਪਰ ਡਾਕਟਰਾਂ ਦੀ ਕਮੀ ਹੋਣ ਕਾਰਨ ਉਨ੍ਹਾਂ ਨੂੰ ਮੌਜੂਸ ਵਾਪਸ ਜਾਣਾ ਪੈਂਦਾ ਹੈ।
ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਸਰਕਾਰ
ਇਸ ਹਸਪਤਾਲ ਵਿੱਚ ਇੱਕ ਹੋਮਿਓਪੈਥੀ ਦੇ ਸਪੈਸ਼ਲਿਸਟ ਡਾਕਟਰ ਜੋ ਕਿ ਹਫਤੇ 'ਚ ਤਿੰਨ ਵਾਰ ਆਉਂਦੇ ਹਨ ਤੇ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਤੋਂ ਦਵਾਈ ਲੈਣ ਆਉਂਦੇ ਹਨ, ਜੇਕਰ ਸਾਰੇ ਡਾਕਟਰ ਆਪਣੀਆਂ ਸੇਵਾਵਾਂ ਦੇਣ ਤਾਂ ਇਸ ਹਲਕੇ ਲਈ ਇਹ ਹਸਪਤਾਲ ਬਹੁਤ ਹੀ ਲਾਹੇਵੰਦ ਹੋਵੇਗਾ ਸਿਹਤ ਸਹੂਲਤਾਂ ਅਤੇ ਵਿੱਦਿਆ ਦੇ ਮਿਆਰ ਨੂੰ ਉੱਚਾ ਚੱਕਣ ਦੀਆਂ ਗੱਲਾਂ ਕਰ ਕੇ ਪੰਜਾਬ ਵਿੱਚ ਬਣੀ ਸਰਕਾਰ ਹੁਣ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ । ਇੱਕ ਪਾਸੇ ਤਾਂ ਸਰਕਾਰ ਵਧੀਆ ਸਿਹਤ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ ਪਿੰਡਾਂ ਦੇ ਵਿੱਚ ਮਹੱਲਾ ਕਲੀਨਿਕ ਖੋਲ੍ਹਣ ਦੀਆਂ ਗੱਲਾਂ ਕਰਦੀ ਹੈ ਪਰ ਵੱਡੇ ਹਸਪਤਾਲਾਂ ਵਿੱਚ ਉਹ ਸਟਾਫ ਤੱਕ ਪੂਰਾ ਨਹੀਂ ਕਰ ਸਕੀ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਚੱਕ ਸ਼ੇਰੇ ਵਾਲੇ ਦਾ ਸਰਕਾਰੀ ਹਸਪਤਾਲ ਹੈ।
ਕੀ ਕਹਿਣਾ ਹੈ ਸੀਨੀਅਰ ਅਧਿਕਾਰੀਆਂ ਦਾ?
ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਸਿਵਲ ਸਰਜਨ ਡਾਕਟਰ ਨਵਜੋਤ ਕੌਰ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ। ਇਸੇ ਤਰ੍ਹਾਂ ਜਦੋਂ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਚੱਕਣਾ ਵੀ ਜ਼ਰੂਰੀ ਨਹੀਂ ਸਮਝਿਆ।
ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਸਮੱਸਿਆ ਜਿਉਂ ਦੀ ਤਿਉਂ
ਜੇਕਰ ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਪਿਛਲੀ ਸਰਕਾਰ ਵੇਲੇ ਵੀ ਵਿਧਾਨ ਸਭਾ ਹਲਕਾ ਮਲੋਟ ਤੋਂ ਵਿਧਾਇਕ ਅਜਾਇਬ ਸਿੰਘ ਭੱਟੀ ਜਿਨਾਂ ਨੂੰ ਪੰਜਾਬ ਸਰਕਾਰ ਨੇ ਡਿਪਟੀ ਸਪੀਕਰ ਵੀ ਲਗਾਇਆ ਸੀ ਉਹ ਵੀ ਆਪਣੀ ਸਰਕਾਰ ਵਿੱਚ ਪੰਜ ਸਾਲ ਦੇ ਸਮੇਂ ਵਿੱਚ ਚੱਕ ਸ਼ੇਰੇ ਵਾਲੇ ਦੇ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਨਹੀਂ ਕਰ ਸਕੇ। ਜੇਕਰ ਇਸ ਹਸਪਤਾਲ ਦੇ ਲੋਕ ਸਭਾ ਏਰੀਏ ਦੀ ਗੱਲ ਕੀਤੀ ਜਾਵੇ ਤਾਂ ਇਹ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਅਧੀਨ ਆਉਂਦਾ ਹੈ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਜੀ ਇਸ ਵਾਰ ਰਹੇ ਪਰ ਆਪਣੇ ਪੰਜ ਸਾਲ ਦੇ ਸਮੇਂ ਵਿੱਚ ਉਹ ਵੀ ਚੱਕ ਸ਼ੇਰੇ ਵਾਲਾ ਦੇ ਹਸਪਤਾਲ 'ਚ ਸਟਾਫ ਪੂਰਾ ਕਰਨ ਵਿੱਚ ਨਾਕਾਮ ਰਹੇ।
Chak Shere Wale Hospital Is Suffering From Shortage Of Doctors