‘ਆਪ’ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਮਰਵਾਹਾ ਦੀ ਸੜਕ ਹਾਦਸੇ ’ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ
Admin / Punjab
ਸਟੇਟ ਡੈਸਕ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਡਾਕਟਰ ਵਿੰਗ ਦੇ ਸੂਬਾ ਜਨਰਲ ਸਕੱਤਰ ਅਤੇ 'ਆਪ' ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਪੀਏ ਡਾ. ਮਹਿੰਦਰਜੀਤ ਸਿੰਘ ਮਰਵਾਹਾ ਦੀ ਕਰਤਾਰਪੁਰ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਡਾ. ਮਹਿੰਦਰਜੀਤ ਮਰਵਾਹਾ ਕਰਤਾਰਪੁਰ ਸਾਹਿਬ 'ਚ ਆਪਣੀ ਕਾਰ ਰਹੀਂ ਚੋਣ ਪ੍ਰਚਾਰ ਲਈ ਜਾ ਰਹੇ ਸਨ। ਚੋਣਾਂ ਦੇ ਮੱਦੇਨਜ਼ਰ ਕਰਤਾਰਪੁਰ 'ਚ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਟੀਨੂੰ ਦੀ ਰੈਲੀ ਸੀ। ਜਿਸ ਕਰਕੇ ਡਾ. ਮੁਹਿੰਦਰਜੀਤ ਸਿੰਘ ਮਰਵਾਹਾ ਆਪਣੀ ਕਾਰ 'ਚ ਚੋਣ ਪ੍ਰਚਾਰ ਲਈ ਉੱਥੇ ਜਾ ਰਹੇ ਸਨ ਕਿ ਰਸਤੇ 'ਚ ਸੜਕ 'ਤੇ ਖੜ੍ਹੇ ਟਿੱਪਰ 'ਚ ਕਾਰ ਜਾ ਵੱਜੀ। ਇਹ ਹਾਦਸਾ ਲਿੱਦੜਾਂ ਨੇੜੇ ਨੈਸ਼ਨਲ ਹਾਈਵੇਅ 'ਤੇ ਵਾਪਰਿਆ। ਇਸ ਦੌਰਾਨ ਡਾ. ਮਰਵਾਹਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਪ੍ਰਾਈਵੇਟ ਹਸਪਤਾਲ 'ਚ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਥਾਣਾ ਮਕਸੂਦਾ ਦੇ ਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਰਤਾਰਪੁਰ 'ਚ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਟੀਨੂੰ ਦੀ ਰੈਲੀ ਹੋਣ ਕਰਕੇ ਡਾ. ਮੁਹਿੰਦਰਜੀਤ ਸਿੰਘ ਮਰਵਾਹਾ ਆਪਣੀ ਕਾਰ 'ਚ ਚੋਣ ਪ੍ਰਚਾਰ ਲਈ ਉੱਥੇ ਜਾ ਰਹੇ ਸਨ। ਰਸਤੇ 'ਚ ਸੜਕ 'ਤੇ ਖੜ੍ਹੇ ਟਿਪਰ 'ਚ ਕਾਰ ਜਾ ਵੱਜੀ। ਹਾਦਸੇ 'ਚ ਕਾਰ ਦੇ ਪਰਖੱਚੇ ਉੱਡ ਗਏ। ਮੌਕੇ 'ਤੇ ਹਲਕਾ ਕਰਤਾਰਪੁਰ 'ਚ ਇਕੱਤਰ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਮੌਕੇ 'ਤੇ ਟਿੱਪਰ ਚਾਲਕ ਟਿੱਪਰ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਟਿੱਪਰ ਨੂੰ ਕਬਜ਼ੇ 'ਚ ਵਿੱਚ ਲੈ ਕੇ ਫਰਾਰ ਟਿੱਪਰ ਚਾਲਕ ਇਕਬਾਲ ਸਿੰਘ ਵਾਸੀ ਅੰਮ੍ਰਿਤਸਰ ਖਿਲਾਫ਼ ਮੁਕਦਮਾ ਦਰਜ ਕਰ ਕੇ ਉਸਦੀ ਭਾਲ ਆਰੰਭ ਕਰ ਦਿੱਤੀ ਹੈ।
AAP Senior Leader Mahendrajit Singh Marwaha Died In A Road Accident