ਅੰਮ੍ਰਿਤਸਰ 'ਚ ਸਕੂਲ ਬੱਸ ਤੇ ਬਾਈਕ ਦੀ ਟੱਕਰ, ਚਾਰ ਸਾਲਾ ਬੱਚੀ ਸਮੇਤ ਤਿੰਨ ਦੀ ਮੌਤ, ਭੜਕੇ ਲੋਕਾਂ ਨੇ ਬੱਸ ਦੀ ਕੀਤੀ ਭੰਨ-ਤੋੜ
Admin / Punjab
ਨੈਸ਼ਨਲ ਡੈਸਕ : ਪੰਜਾਬ ਦੇ ਅੰਮ੍ਰਿਤਸਰ ਵਿਚ ਸੋਮਵਾਰ ਨੂੰ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਕਸਬਾ ਅਜਨਾਲਾ ਦੇ ਪਿੰਡ ਪੁੰਗਾ ਵਿਚ ਸਕੂਲ ਬੱਸ ਨਾਲ ਬਾਈਕ ਦੀ ਟੱਕਰ ਹੋ ਗਈ। ਬਾਈਕ 'ਤੇ ਕੁੱਲ ਚਾਰ ਲੋਕ ਸਵਾਰ ਸਨ। ਇਸ ਹਾਦਸੇ ਵਿਚ ਚਾਰ ਸਾਲ ਦੀ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਉਸ ਦੀ ਮਾਂ ਤੇ ਦੋ ਸਾਲ ਦੀ ਬੱਚੀ ਬਚ ਗਈ। ਹਾਲਾਂਕਿ ਬੱਚੀ ਦੀ ਮਾਂ ਵੀ ਗੰਭੀਰ ਜ਼ਖਮੀ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਇਕੱਠੇ ਹੋਏ ਲੋਕਾਂ ਨੇ ਗੁੱਸੇ ਵਿਚ ਆ ਕੇ ਬੱਸ ਦੀ ਭੰਨ-ਤੋੜ ਕੀਤੀ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਮ੍ਰਿਤਕਾਂ ਦੀ ਪਛਾਣ ਹੀਰਾ ਮਸੀਹ ਵਾਸੀ ਪਿੰਡ ਪੁੰਗਾ, ਉਸ ਦੀ ਪਤਨੀ ਸੱਤੀ ਕੌਰ ਅਤੇ ਚਾਰ ਸਾਲਾ ਬੇਟੀ ਸੀਰਤ ਵਜੋਂ ਹੋਈ ਹੈ। ਜਦਕਿ ਹੀਰਾ ਮਸੀਹ ਦੀ ਮਾਤਾ ਸੁਨੀਤਾ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਹਾਦਸੇ ਦੇ ਸਮੇਂ ਬੱਸ ਵਿਚ ਸਕੂਲੀ ਬੱਚੇ ਸਵਾਰ ਸਨ। ਬੱਸ ਵਿਚ ਸਵਾਰ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਪੀੜਤ ਪਰਿਵਾਰ ਦੇ ਮੈਂਬਰ ਯੂਸਫ ਨੇ ਦੱਸਿਆ ਕਿ ਉਸ ਦੀ ਕੁਝ ਮਹੀਨੇ ਪਹਿਲਾਂ ਹੀ ਮੰਗਣੀ ਹੋਈ ਸੀ। ਉਸ ਦਾ ਭਰਾ, ਮਾਂ, ਭਰਜਾਈ ਅਤੇ ਭਾਣਜੀ ਸਾਉਣ ਦਾ ਤਿਉਹਾਰ ਮਨਾਉਣ ਲਈ ਸਾਈਕਲ 'ਤੇ ਸਹੁਰੇ ਘਰ ਜਾ ਰਹੇ ਸੀ। ਉਹ ਅਜੇ ਪਿੰਡ ਪੁੰਗਾ ਪਹੁੰਚੇ ਹੀ ਸੀ ਕਿ ਸਕੂਲੀ ਬੱਸ ਨੇ ਉਸ ਦੀ ਬਾਈਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿਚ ਉਸ ਦੇ ਭਰਾ, ਭਰਜਾਈ ਅਤੇ ਤਿੰਨ ਸਾਲਾ ਭਤੀਜੀ ਦੀ ਮੌਤ ਹੋ ਗਈ ਹੈ।
ਜਾਂਚ ਅਧਿਕਾਰੀ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਅੰਗਦ ਦੇਵ ਸਕੂਲ ਦੀ ਬੱਸ ਵਿਦਿਆਰਥੀਆਂ ਨੂੰ ਉਤਾਰਨ ਲਈ ਜਾ ਰਹੀ ਸੀ। ਇਸ ਦੌਰਾਨ ਉਸ ਨੇ ਮੋਟਰਸਾਈਕਲ ਪੀ.ਬੀ.46-ਏ.ਡੀ-6970 ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਘਟਨਾ ਵਿਚ ਬਾਈਕ ਸਵਾਰ ਵਿਅਕਤੀ, ਉਸ ਦੀ ਪਤਨੀ ਅਤੇ ਬੇਟੀ ਦੀ ਮੌਤ ਹੋ ਗਈ। ਫਿਲਹਾਲ ਦੋਸ਼ੀ ਬੱਸ ਡਰਾਈਵਰ ਫਰਾਰ ਹੈ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
School Bus Collided With A Bike In Amritsar Three Died Including A Four year old Girl