Kapurthala - ਦੋ ਬੱਸਾਂ ਦੀ ਹੋਈ ਟੱਕਰ, ਸਕੂਲ ਦੇ ਬੱਚਿਆਂ ਸਮੇਤ ਕਈ ਲੋਕ ਜ਼ਖ਼ਮੀ
Admin / Punjab
ਸਟੇਟ ਡੈਸਕ : ਕਪੂਰਥਲਾ ਦੇ ਸੁਭਾਨਪੁਰ ਰੋਡ 'ਤੇ ਪਿੰਡ ਬੂਟ ਨੇੜੇ ਅੱਜ ਸਵੇਰੇ ਕੈਂਬਰਿਜ ਸਕੂਲ ਦੀ ਬੱਸ ਅਤੇ ਪ੍ਰਿੰਸ ਦੀ ਬੱਸ ਵਿਚਾਲੇ ਟੱਕਰ ਹੋਣ ਦੀ ਸੂਚਨਾ ਹੈ। ਇਸ ਹਾਦਸੇ ਵਿੱਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ ਸਕੂਲ ਬੱਸ ਦਾ ਕੰਡਕਟਰ ਅਤੇ ਕੇਅਰਟੇਕਰ ਜ਼ਖ਼ਮੀ ਹੋ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਬਾਦਸ਼ਾਹਪੁਰ ਚੌਕੀ ਦੇ ਪੁਲਿਸ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਬੱਸ ਡਰਾਈਵਰ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀ ਕੇਅਰਟੇਕਰ ਅਤੇ ਸਕੂਲ ਬੱਸ ਦੇ ਕੰਡਕਟਰ ਨੂੰ ਇਲਾਜ ਲਈ ਸੁਭਾਨਪੁਰ ਦੇ ਐੱਸਜੀਐੱਲ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਸਕੂਲ ਬੱਸ ਦਾ ਡਰਾਈਵਰ ਫਰਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਬੂਟ ਨੇੜੇ ਕੈਂਬਰਿਜ ਸਕੂਲ ਦੀ ਬੱਸ (ਪੀਬੀ-08-ਕੇਐਫ-2453) ਅਤੇ ਪ੍ਰਿੰਸ ਬੱਸ (ਪੀਬੀ-08-ਸੀਡਬਲਯੂ-0717) ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋਵੇਂ ਬੱਸਾਂ ਸੜਕ ਕਿਨਾਰੇ ਦਰੱਖਤਾਂ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਬਾਦਸ਼ਾਹਪੁਰ ਚੌਂਕੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਮਨਜੀਤ ਸਿੰਘ ਮੁਤਾਬਕ ਸਕੂਲ ਬੱਸ ਦੀ ਦੇਖ-ਰੇਖ ਕਰਨ ਵਾਲੀ ਮਹਿਲਾ ਅਤੇ ਕੰਡਕਟਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਐਸਜੀਐਲ ਹਸਪਤਾਲ ਸੁਭਾਨਪੁਰ ਵਿਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪ੍ਰਿੰਸ ਬੱਸ ਦੇ ਡਰਾਈਵਰ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਫਿਲਹਾਲ ਕੁਝ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
Kapurthala Two Buses Collided Many People Injured