Jalandhar - ਜਬਰ ਜਨਾਹ ਦਾ ਪਰਚਾ ਕਰਵਾਉਣ ਦੀ ਧਮਕੀ ਦੇ ਕੇ ਮੰਗੇ 5 ਲੱਖ, 3 ਖਾਲੀ ਚੈੱਕਾਂ 'ਤੇ ਕਰਵਾ ਲੈ ਦਸਤਖਤ...
Punjab
ਜਬਰੀ ਪੈਸਿਆਂ ਦੀ ਵਸੂਲੀ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗਿ੍ਫਤਾਰ
ਲਾਈਵ ਪੰਜਾਬੀ ਟੀਵੀ ਬਿਊਰੋ : ਜਲੰਧਰ ਵਿਚ ਪੁਲਿਸ ਪਾਰਟੀ ਨੇ ਲੋਕਾਂ ਨੂੰ ਝਾਂਸਾ ਦੇ ਕੇ ਜਬਰੀ ਪੈਸਿਆਂ ਦੀ ਵਸੂਲੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਗਿ੍ਫਤਾਰ ਕੀਤਾ ਹੈ। ਇਹ ਕਾਰਵਾਈ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਉਂਕਾਰ ਸਿੰਘ ਬਰਾੜ, ਪੀਪੀਐੱਸ, ਉਪ ਪੁਲਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਇੰਸਪੈਕਟਰ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਝਾਂਸੇ 'ਚ ਲੈ ਕੇ ਜਬਰੀ ਪੈਸਿਆ ਦੀ ਪ੍ਰਾਪਤੀ ਕਰਨ ਵਾਲੇ ਗਿਰੋਹ ਦੇ 06 ਮੈਂਬਰ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਕੀ ਹੈ ਪੂਰਾ ਮਾਮਲਾ
ਇਸ ਮਾਮਲੇ ਸਬੰਧੀ ਪੀੜਤ ਨਰਿੰਦਰ ਸਿੰਘ (65 ਸਾਲ) ਪੁੱਤਰ ਦਲੀਪ ਸਿੰਘ ਵਾਸੀ ਜੈਨਪੁਰ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਹ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਆੜ੍ਹਤ ਦੀ ਦੁਕਾਨ ਕਰਦਾ ਹੈ। ਮਿਤੀ 01.09.24 ਨੂੰ ਇਕ ਫੋਨ ਆਇਆ ਕਿ ਜੇਕਰ ਤੁਹਾਨੂੰ ਕੰਮ ਦੀ ਲੋੜ ਹੈ ਤਾਂ ਸੈਦਪੁਰ ਆ ਜਾਓ। ਜਦੋਂ ਉਹ ਸੈਦਪੁਰ ਝਿੜੀ ਪੁੱਜਾ ਤਾਂ ਉੱਥੇ ਇਕ ਵਿਅਕਤੀ ਉਸ ਨੂੰ ਇਕ ਘਰ ਦੇ ਅੰਦਰ ਲੈ ਗਿਆ ਜਿੱਥੇ ਇਕ ਅੱਧ ਨਗਨ ਔਰਤ ਬੈਠੀ ਸੀ ਤੇ ਉਸ ਦੇ ਮਗਰ 3 ਹੋਰ ਵਿਅਕਤੀ ਆ ਗਏ, ਜਿਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਜਬਰ ਜਨਾਹ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸ ਪਾਸੋਂ 5 ਲੱਖ ਰੁਪਏ ਦੀ ਮੰਗ ਕੀਤੀ ਤੇ ਉਸ ਦੀ ਪੈਂਟ ਦੀ ਜੇਬ ਵਿਚੋਂ ਪਰਸ ਜਬਰਦਸਤੀ ਕੱਢ ਲਿਆ ਜਿਸ ਵਿਚ 15,000 ਰੁਪਏ, 4 ਏਟੀਐੱਮ ਸਨ ਅਤੇ ਐਪਲ ਦੀ ਘੜੀ ਵੀ ਖੋਹ ਲਈ।ਇਸ ਦੌਰਾਨ ਉਸ ਦੀ ਕੁੱਟਮਾਰ ਕਰਨ ਦੀ ਵੀਡੀਓ ਵੀ ਬਣਾਈ ਗਈ ਤੇ ਫਿਰ ਉਸ ਦੀ ਗੱਡੀ ਵਿਚ ਆ ਕੇ ਉਸ ਨੂੰ ਡਰਾ ਧਮਕਾ ਕੇ ਉਸ ਪਾਸੋਂ 3 ਖਾਲੀ ਚੈੱਕਾਂ 'ਤੇ ਦਸਤਖਤ ਕਰਵਾ ਕੇ ਲੈ ਲਏ। ਇਨ੍ਹਾਂ ਵਿਅਕਤੀਆਂ ਵੱਲੋਂ ਬਾਅਦ 'ਚ ਉਸ ਦੇ ਏਟੀਐੱਮ ਵਿਚੋਂ 20 ਹਜ਼ਾਰ ਰੁਪਏ ਕੱਢਵਾ ਲਏ ਅਤੇ ਹੁਣ ਫਿਰ ਦੁਬਾਰਾ ਇਹ ਵਿਅਕਤੀ ਉਸ ਨੂੰ ਫੋਨ ਕਰ ਕੇ ਜਬਰ ਜਨਾਹ ਦੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਮੰਗ ਕਰ ਰਹੇ ਸੀ। ਇਸ ਮਗਰੋਂ ਪੀੜਤ ਨਰਿੰਦਰ ਸਿੰਘ ਦੇ ਬਿਆਨ 'ਤੇ ਮੁਕੱਦਮਾ ਦਰਜ ਰਜਿਸਟਰ ਕਰ ਕੇ ਇਸ ਗਿਰੋਹ ਦੇ 6 ਮੈਂਬਰਾਂ ਨੂੰ ਵੱਖ ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਅਦਾਲਤ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਨ੍ਹਾਂ ਨੇ ਇਕ ਗਿਰੋਹ ਬਣਾਇਆ ਹੋਇਆ ਹੈ ਤੇ ਝੂਠੇ ਟੈਲੀਫੋਨ ਕਰ ਕੇ ਭੋਲੇ ਭਾਲੇ ਇੱਜਤਦਾਰ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਹਨ ਤੇ ਉਨ੍ਹਾਂ ਦੀ ਇੱਜਤ ਨੂੰ ਢਾਹ ਲਗਾਉਣ ਦੀ ਨੀਅਤ ਨਾਲ ਪੈਸੇ ਠੱਗਦੇ ਹਨ।
ਇਨ੍ਹਾਂ ਮੁਲਜ਼ਮਾਂ 'ਤੇ ਹੋਇਆ ਪਰਚਾ
ਪੁਲਿਸ ਮੁਤਾਬਕ ਮੁਲਾਜ਼ਮਾਂ ਦੀ ਪਛਾਣ ਜੋਬਨਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚੰਨਣਵਿੰਡੀ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ, ਰਾਜੇਸ਼ ਕੁਮਾਰ ਉਰਫ ਸਨੀ ਪੁੱਤਰ ਸੋਹਣ ਲਾਲ ਵਾਸੀ ਢੰਡੋਵਾਲ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ, ਜਸਕਰਨ ਗਿੱਲ ਉਰਫ ਜੱਸਾ ਪੁੱਤਰ ਮਲਕੀਤ ਰਾਮ ਉਰਫ ਸ਼ਨੀ ਵਾਸੀ ਸੈਦਪੁਰ ਝਿੜੀ ਥਾਣਾ ਸ਼ਾਹਕੋਟ, ਬਰਜੇਸ਼ ਕੁਮਾਰ ਉਰਫ ਮੇਸ਼ੀ ਪੁੱਤਰ ਮੋਹਣ ਲਾਲ ਵਾਸੀ ਸੰਢਾਵਾਲ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ, ਬੂਟਾ ਸਿੰਘ ਉਰਫ ਬੂਟਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਬਾਲਮੀਕ ਮੁਹੱਲਾ ਤਲਵਣ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਤੇ ਬਰਖਾ ਪੁੱਤਰੀ ਰੂਪ ਸਿੰਘ ਵਾਸੀ ਮਹਿਰਾਜਵਾਲਾ ਥਾਣਾ ਲੋਹੀਆ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
5 Lakhs Demanded By Threatening To File A Rape Report