Baba Siddiqui murder case - ਚੌਥੇ ਮੁਲਜ਼ਮ ਜ਼ੀਸ਼ਾਨ ਅਖਤਰ ਪਰਿਵਾਰਕ ਮੈਂਬਰਾਂ ਸਮੇਤ 'ਗਾਇਬ', ਪੜ੍ਹੋ ਪੂਰੀ ਖਬਰ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਮੁੰਬਈ ਵਿਚ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦਾ ਚੌਥਾ ਦੋਸ਼ੀ ਜ਼ੀਸ਼ਾਨ ਅਖਤਰ ਪੰਜਾਬ ਦੇ ਜਲੰਧਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਇਸ ਕਤਲ ਦੇ ਦੋਸ਼ੀ ਦੇ ਘਰ ਨੂੰ ਤਾਲਾ ਲੱਗਾ ਹੋਇਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਗਾਇਬ ਹੋ ਗਏ ਹਨ। ਜੀਸ਼ਾਨ ਅਖਤਰ ਪਿੰਡ ਸ਼ੰਕਰ ਦੇ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਉਸ ਦੀ ਮਾਂ ਅਤੇ ਇਕ ਭੈਣ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਉਸ ਦਾ ਪਿਤਾ ਅਤੇ ਇਕ ਭਰਾ ਘਰ ਛੱਡ ਗਏ ਹਨ। ਫਿਲਹਾਲ ਘਰ ਨੂੰ ਤਾਲਾ ਲੱਗਾ ਹੋਇਆ ਹੈ।
ਬਿਸ਼ਨੋਈ ਗੈਂਗ ਵਿਚ ਸ਼ਾਮਲ ਹੋਣ ਤੋਂ ਬਾਅਦ ਅਖਤਰ ਨਹੀਂ ਆਇਆ ਪਿੰਡ
ਇਸੇ ਪਿੰਡ ਦੇ ਇਕ ਨੌਜਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੀਸ਼ਾਨ ਅਖ਼ਤਰ ਪਹਿਲਾਂ ਠੀਕ ਸੀ। ਪਰ ਜਦੋਂ ਤੋਂ ਉਹ ਬਿਸ਼ਨੋਈ ਗੈਂਗ ਵਿਚ ਸ਼ਾਮਲ ਹੋਇਆ ਹੈ, ਉਦੋਂ ਤੋਂ ਉਹ ਪਿੰਡ ਨਹੀਂ ਆਇਆ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਉਸ ਦਾ ਨਾਂ ਮਹਾਰਾਸ਼ਟਰ ਦੇ ਇਕ ਨੇਤਾ ਦੇ ਕਤਲ ਵਿਚ ਸ਼ਾਮਲ ਹੈ। ਉਸ ਨੇ ਦੱਸਿਆ ਕਿ ਤਿੰਨ-ਚਾਰ ਸਾਲ ਪਹਿਲਾਂ ਜੀਸ਼ਾਨ ਅਖਤਰ ਬਿਸ਼ਨੋਈ ਗੈਂਗ 'ਚ ਸ਼ਾਮਲ ਹੋਇਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵੀ ਉਸਦਾ ਨਾਮ ਸ਼ਾਮਲ ਸੀ। ਨੌਜਵਾਨ ਨੇ ਦੱਸਿਆ ਕਿ ਮੁਲਜ਼ਮ ਦੇ ਪਿਤਾ ਦੀ ਪਿੰਡ ਵਿਚ ਕਿਸੇ ਨਾਲ ਲੜਾਈ ਹੋਈ ਸੀ, ਜਿਸ ਦਾ ਬਦਲਾ ਲੈਣ ਲਈ ਉਹ ਬਿਸ਼ਨੋਈ ਗੈਂਗ ਵਿਚ ਸ਼ਾਮਲ ਹੋ ਗਿਆ।
ਪਿਛਲੇ 15 ਦਿਨਾਂ ਤੋਂ ਗਾਇਬ ਹੈ ਪਰਿਵਾਰ
ਇਕ ਹੋਰ ਪਿੰਡ ਵਾਸੀ ਨੇ ਦੱਸਿਆ ਕਿ ਜੀਸ਼ਾਨ ਅਖਤਰ ਦਾ ਪਰਿਵਾਰ ਪਿਛਲੇ 15 ਦਿਨਾਂ ਤੋਂ ਗਾਇਬ ਹੈ। ਉਸਦੇ ਪਿਤਾ ਟਾਈਲਾਂ ਦਾ ਕੰਮ ਕਰਦੇ ਸੀ। ਦੱਸਿਆ ਜਾ ਰਿਹਾ ਹੈ ਕਿ ਜੀਸ਼ਾਨ ਅਖਤਰ ਸੌਰਭ ਮਹਾਕਾਲ ਦਾ ਦੋਸਤ ਹੈ, ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਨੋਟ ਦੇਣ ਦੇ ਮਾਮਲੇ 'ਚ ਕ੍ਰਾਈਮ ਬ੍ਰਾਂਚ ਦੀ ਟੀਮ ਸੌਰਭ ਤੋਂ ਪੁੱਛਗਿੱਛ ਕਰਨ ਲਈ ਪੁਣੇ ਗਈ ਸੀ। ਸੌਰਭ ਮਹਾਕਾਲ ਦਾ ਅਸਲੀ ਨਾਂ ਸਿੱਧੇਸ਼ ਕਾਂਬਲੇ ਹੈ।
ਦੱਸਣਯੋਗ ਹੈ ਕਿ ਬੀਤੀ ਰਾਤ ਗੋਲੀ ਲੱਗਣ ਤੋਂ ਬਾਅਦ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਡਾਕਟਰਾਂ ਮੁਤਾਬਕ ਬਾਬਾ ਦੇ ਢਿੱਡ ਅਤੇ ਛਾਤੀ 'ਤੇ ਗੋਲੀ ਲੱਗੀ ਸੀ।
ਜਾਂਚ ਕਰ ਰਹੀ ਪੁਲਿਸ ਅਨੁਸਾਰ ਕਤਲ ਵਿਚ ਸ਼ਾਮਲ ਮੁਲਜ਼ਮਾਂ ਦੇ ਨਾਂ ਸ਼ਿਵਾ, ਧਰਮਰਾਜ ਤੇ ਗੁਰਮੇਲ ਹਨ। ਸ਼ਿਵ ਅਤੇ ਧਰਮਰਾਜ ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਰਹਿਣ ਵਾਲੇ ਹਨ। ਦੋਵਾਂ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਹੈ, ਜਦਕਿ ਗੁਰਮੇਲ ਹਰਿਆਣਾ ਦਾ ਰਹਿਣ ਵਾਲਾ ਹੈ। ਜਦਕਿ ਚੌਥੇ ਮੁਲਜ਼ਮ ਦੀ ਪਛਾਣ ਮੁਹੰਮਦ ਜ਼ੀਸ਼ਾਨ ਅਖਤਰ ਵਜੋਂ ਹੋਈ ਹੈ।
Fourth Accused Zeeshan Akhtar missing Along With Family Members