ਸਰਵਉਚ ਸ੍ਰੀ ਅਕਾਲ ਤਖ਼ਤ ਸਾਹਿਬ ਜਿੱਥੇ ਰਾਜੇ-ਮਹਾਰਾਜਿਆਂ ਨੂੰ ਵੀ ਸੁਣਾਈ ਜਾ ਚੁੱਕੀ ਹੈ ਸਜ਼ਾ
Admin / Punjab
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵ ਉਚ ਸੰਸਥਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮ ਹਰ ਸਿੱਖ ਪ੍ਰਵਾਨ ਕਰਦਾ ਹੈ। ਗਲਤੀ ਕਰਨ ਵਾਲਾ ਸਿੱਖ ਭਾਵੇਂ ਕਿਸੇ ਵੀ ਉਚ ਅਹੁਦੇ 'ਤੇ ਹੋਵੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਸ ਨੂੰ ਸਜ਼ਾ ਸੁਣਾਈ ਜਾਂਦੀ ਹੈ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਸਾਬਕਾ ਮੰਤਰੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਹੈ।
ਪੁਰਾਣੇ ਵੇਲਿਆਂ ਤੋਂ ਅਜਿਹਾ ਚੱਲਦਾ ਆ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਧਾਰਮਿਕ ਸਜ਼ਾ ਸੁਣਾਈ ਗਈ ਸੀ। ਤਨਖ਼ਾਹੀਆ (ਜਿਸ ਨੇ ਸਿੱਖ ਧਰਮ ਦੀ ਉਲੰਘਣਾ ਕੀਤੀ ਹੋਵੇ) ਕਰਾਰ ਹੋਣ ਤੋਂ ਬਾਅਦ ਸਿੱਖ ਕੌਮ ਦੇ ਪਹਿਲੇ ਮਹਾਰਾਜੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਸਜ਼ਾ ਸੁਣਾਈ ਗਈ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਥਮਲੇ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਕ ਨਾਚੀ ਦਾ ਨਾਚ-ਗਾਣਾ ਦੇਖਣ ਦੀ ਗਲਤੀ ਕੀਤੀ ਸੀ ਜੋ ਕਿ ਇਕ ਸਿੱਖ ਲਈ ਵਰਜਿਤ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਸ੍ਰੀ ਤਖ਼ਤ ਸਾਹਿਬ 'ਤੇ ਤਲਬ ਕੀਤਾ ਗਿਆ ਸੀ।
ਬੀਤੇ ਸਮੇਂ ਦੌਰਾਨ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜ਼ਾ ਲਗਾਈ ਜਾ ਚੁੱਕੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਹੋਣ ਵਾਲਿਆਂ ਵਿਚ ਸੁਖਬੀਰ ਸਿੰਘ ਬਾਦਲ ਪਹਿਲੇ ਸਿੱਖ ਨਹੀਂ ਹਨ, ਬਲਕਿ ਇਸਤੋਂ ਪਹਿਲਾਂ ਹੋਰ ਵੀ ਕਈ ਵੱਡੇ ਰਾਜਸੀ ਅਤੇ ਧਾਰਮਿਕ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਏ ਕਰਾਰ ਦਿੱਤੇ ਜਾ ਚੁੱਕੇ ਹਨ। ਭਾਈ ਸੁਬੇਗ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਪੰਥ-ਰਤਨ ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ, ਨਿਹੰਗ ਸਿੰਘਾਂ ਦੇ ਮੁਖੀ ਬਾਬਾ ਸੰਤਾ ਸਿੰਘ, ਡਾ: ਪਿਆਰ ਸਿੰਘ ਤੇ ਡਾ. ਪਿਸ਼ੌਰਾ ਸਿੰਘ ਆਦਿ ਵਰਗੇ ਸਿੱਖਾਂ ਨੂੰ ਗਲਤੀ ਕਰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਲਾਇਆ ਜਾ ਚੁੱਕਾ ਹੈ।
ਸਿੱਖ ਪੰਥ ਵਿੱਚ ਪੂਰਨ ਗੁਰਸਿੱਖ ਵਿਅਕਤੀ ਨੂੰ ਹੀ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਰਿਹਾ ਹੈ। ਜੋ ਵਿਅਕਤੀ ਕਕਾਰਾਂ ਦਾ ਪੱਕਾ ਹੋਵੇ, ਉਸਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਂਦਾ ਹੈ। ਜਦਕਿ ਕੇਸ, ਦਾੜੀ ਕਟਵਾਉਣ ਤੇ ਰੰਗਣ ਵਾਲੇ ਸਿੱਖ ਨੂੰ ਕੁਰਹਿਤੀਆ ਮੰਨਿਆ ਜਾਂਦਾ ਹੈ, ਜਿਸ ਕਰਕੇ ਉਸਨੂੰ ਤਖ਼ਤ ਸਾਹਿਬ ਉਪਰ ਤਲਬ ਨਹੀਂ ਕੀਤਾ ਜਾਂਦਾ। ਇਸ ਕਰ ਕੇ ਹੁਣ ਵੀ ਮਨਪ੍ਰੀਤ ਸਿੰਘ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਸਜ਼ਾਵਾਂ ਦੇਣ ਵਾਲੇ ਫੈਸਲੇ ਤੋਂ ਬਾਹਰ ਕੱਢ ਦਿੱਤਾ ਸੀ।
ਸੁਖਬੀਰ ਬਾਦਲ ਨੂੰ ਇਹ ਸਜ਼ਾ ਕਿਉਂ ਸੁਣਾਈ ?
ਸਾਲ 2007 ਤੋਂ 2017 ਤੱਕ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਇਸ ਅਹੁਦੇ ਦੌਰਾਨ ਇਸ ਤਰ੍ਹਾਂ ਦੇ ਵਿਵਾਦਤ ਫੈਸਲੇ ਲਏ ਗਏ ਜਿਸ ਕਾਰਨ ਸਿੱਖ ਸੰਗਤ ਨਿਰਾਸ਼ ਹੋਈ ਸਭ ਤੋਂ ਪਹਿਲਾ ਤੇ ਵੱਡਾ ਦੋਸ਼ ਸਿਆਸੀ ਲਾਭ ਲਈ ਡੇਰਾ ਸੱਚਾ ਸੌਦਾ ਦੇ ਮੁੱਖੀ ਬਾਬਾ ਰਾਮ ਰਹੀਮ ਦੇ ਪ੍ਰਤੀ ਨਰਮ ਰੁਖ ਅਪਣਾਉਣਾ, 2015 ਵਿਚ ਬਰਗਾੜੀ ਬੇਅਦਬੀ ਕਾਂਡ ਜਿਸ ਤੋਂ ਬਾਅਦ ਗੋਲੀਬਾਰੀ ਹੋਈ, ਅਧਿਕਾਰੀਆਂ ਨੇ ਜਿਨ੍ਹਾਂ ਨੇ ਸਿੱਖਾਂ ਖਿਲਾਫ ਕਾਰਵਾਈ ਦਾ ਦੋਸ਼ ਹੈ, ਨੂੰ ਉੱਚ ਅਹੁਦਿਆਂ 'ਤੇ ਨਿਯੁਕਤ ਕਰਨਾ, ਸਿੱਖਾਂ ਦੇ ਕਾਤਲਾਂ, ਕੋਹ ਕੋਹ ਦੇ ਕੇ ਮਾਰਨ ਵਾਲਿਆਂ ਨੂੰ ਟਿਕਟਾਂ ਦੇ ਕੇ ਵਿਧਾਇਕੀ ਦੇ ਅਹੁਦੇ ਤੱਕ ਪਹੁੰਚਾਇਆ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਨਿਯੁਕਤੀ ਨੂੰ ਗਲਤ ਮੰਨਿਆ ਤੇ ਚਾਰ ਮਹੀਨੇ ਪਹਿਲਾਂ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਸੁਖਬੀਰ ਸਿੰਘ ਨੂੰ ਤਨਖਾਹੀਆ ਐਲਾਨਿਆ ਗਿਆ। ਇਹ ਫੈਸਲਾ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿਚ ਲਿਆ ਗਿਆ ਤੇ ਹੁਣ ਬੀਤੀ ਦਿਨੀਂ ਸੁਖਬੀਰ ਨੂੰ ਬਾਦਲ ਨੂੰ ਸਜ਼ਾ ਧਾਰਮਿਕ ਸਜ਼ਾ ਸੁਣਾਈ ਗਈ।
ਇਹ ਰਵਾਇਤ ਨਵੀਂ ਨਹੀਂ ਸਗੋਂ ਗੁਰੂ ਸਾਹਿਬ ਵੱਲੋਂ ਬਖਸ਼ੀ ਹੈ : ਗਿਆਨੀ ਹਰਪ੍ਰੀਤ ਸਿੰਘ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵੀ ਇਸੇ ਸਥਾਨ 'ਤੇ ਤਲਬ ਹੋਏ। ਉਨ੍ਹਾਂ ਦੀ ਸਰਕਾਰ ਨੇ ਵਿਅਕਤੀਗਤ ਗਲਤੀਆਂ ਕੀਤੀਆਂ ਪੰਥਕ ਨਹੀਂ। ਸਿੱਖ ਖ਼ਾਲਸਾ ਰਾਜ 'ਤੇ ਮਾਣ ਇਸ ਲਈ ਨਹੀਂ ਕਰਦਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੋਨੇ ਨਾਲ ਮੜਿਆ ਹੋਇਆ ਹੈ। ਜੇ ਸੋਨਾ ਨਾ ਵੀ ਮੜਿਆ ਹੁੰਦਾ ਤਾਂ ਵੀ ਇਸ ਦੀ ਅਹਿਮੀਅਤ ਓਨੀ ਹੋਣੀ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਰ ਧਰਮ ਦੇ ਅਧਿਕਾਰਾਂ ਦਾ ਮਾਣ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਇਹ ਵਿਧਾਨ ਹੈ, ਕਿਸੇ ਕੌਮ ਕੋਲ ਇਹ ਵਿਧਾਨ ਨਹੀਂ ਹੈ। ਅਸੀਂ ਇੱਥੇ ਗਲਤੀ ਕਰਨ 'ਤੇ ਸੱਦ ਸਕਦੇ ਹਾਂ, ਕਿਸੇ ਧਰਮ ਕੋਲ ਇਹ ਅਧਿਕਾਰ ਨਹੀਂ ਹੈ। ਗਲਤੀ ਕਰਨ ਵਾਲਿਆਂ ਦੀ ਜੁਆਬ ਤਲਬੀ ਇੱਥੇ ਹੁੰਦੀ ਹੈ। ਇਹ ਵਿਹਾਰ ਨਵਾਂ ਨਹੀਂ ਸਗੋਂ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੈ। ਇਹ ਸਕੰਲਪ ਹੈ, ਸਿਧਾਂਤ ਹੈ, ਇਥੇ ਹਰ ਕਿਸੇ ਨੂੰ ਸਖ਼ਤ ਫ਼ੈਸਲਾ ਸੁਣਾਇਆ ਗਿਆ। ਇਸ ਰਵਾਇਤ 'ਤੇ ਮਾਣ ਕਰਨਾ ਚਾਹੀਦਾ ਹੈ। ਪਰ ਅੱਜ ਇਸ ਬਾਰੇ ਸੋਸ਼ਲ ਮੀਡੀਆ 'ਤੇ ਕਈ ਟਿੱਪਣੀਆਂ ਹੁੰਦੀਆਂ ਹਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਨੂੰ ਚਾਹੀਦਾ ਹੈ ਪਰ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਚਾਹੀਦਾ ਹੈ। ਜਦ ਸਿੱਖਾਂ ਦੀ ਰਾਖੀ ਨਹੀਂ ਹੁੰਦੀ ਤਾਂ ਸਿੱਖ ਇਸ ਦੀ ਹੌਂਦ ਨੂੰ ਅਣਗੌਲਿਆ ਕਰ ਦਿੰਦੇ ਹਨ। ਮੈਂ ਇਕ ਗੱਲ ਸਾਫ ਕਰ ਦੇਵਾਂ ਕਿ ਸਾਰੇ ਤਖ਼ਤਾਂ ਸਾਹਿਬ ਦੇ ਸਿੰਘ ਸਹਿਬਾਨ ਅਕਾਲੀ ਦਲ ਦੇ ਵਿਰੋਧੀ ਨਹੀਂ ਹਨ। ਬੰਦੇ ਆਉਂਦੇ ਜਾਂਦੇ ਰਹਿੰਦੇ ਹਨ, ਜਿਨ੍ਹਾਂ ਨਾਲ ਸੰਸਥਾਵਾਂ ਹੁੰਦੀਆਂ ਹਨ, ਸ੍ਰੀ ਅਕਾਲ ਤਖ਼ਤ ਸਾਹਿਬ 50 ਅਕਾਲੀ ਦਲ ਬਣਾ ਸਕਦਾ ਹੈ ਪਰ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਬਣਾ ਸਕਦਾ। ਸਾਡੀਆਂ ਸੰਸਥਾਵਾਂ ਭਾਵੇਂ ਉਨ੍ਹਾਂ ਦਾ ਪ੍ਰਬੰਧ ਵੱਖਰਾ ਹੋਇਆ ਪਰ ਇਸ ਦੇ ਬਾਵਜੂਦ ਉਹ ਸਾਡੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੋ ਸਿੱਖ ਇਕ ਅਕਾਲ ਪੁਰਖ 'ਤੇ ਵਿਸ਼ਵਾਸ ਰੱਖਦਾ ਉਹ ਇਕ ਅਕਾਲੀ ਹੈ। ਐਸੇ ਜੋਧੇ ਸੂਰਬੀਰ ਪੰਥ ਦੀ ਪਹਿਰੇਦਾਰੀ ਕਰਨ।
The Highest Sri Akal Takht Sahib Where Even Kings And Emperors Have Been Sentenced