NEET UG ਐਂਟਰੈਂਸ ਟੈਸਟ ਪ੍ਰੀਖਿਆ ਲਈ ਰੂਪਨਗਰ ਜ਼ਿਲ੍ਹੇ 'ਚ 4 ਪ੍ਰੀਖਿਆ ਕੇਂਦਰ ਸਥਾਪਿਤ
ਰੂਪਨਗਰ, 03 ਮਈ 2025: ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਨੈਸ਼ਨਲ ਮੈਡੀਕਲ ਐਕਟ (2019) ਦੀ ਧਾਰਾ 14 ਦੇ ਅਨੁਸਾਰ, ਨੈਸ਼ਨਲ ਯੋਗਤਾ ਕਮ ਐਂਟਰੈਂਸ ਟੈਸਟ NEET (UG) ਦੇਸ਼ ਭਰ ਦੇ ਮੈਡੀਕਲ ਸੰਸਥਾਵਾਂ ਵਿੱਚ ਸਾਰੇ ਅੰਡਰਗ੍ਰੈਜੁਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਇੱਕ ਸਾਂਝੀ/ਯੂਨੀਫਾਰਮ ਐਂਟਰੈਂਸ ਪ੍ਰੀਖਿਆ ਵਜੋਂ ਲਈ ਜਾ ਰਹੀ ਹੈ।
ਇਹ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ ਐਤਵਾਰ, 4 ਮਈ ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਭਾਰਤ ਭਰ ਵਿੱਚ ਸਥਾਪਤ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਰੂਪਨਗਰ ਜ਼ਿਲ੍ਹੇ ਵਿੱਚ 4 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰੂਪਨਗਰ, ਕੇਂਦਰੀ ਵਿਦਿਆਲਿਆ ਖਾਨਪੁਰ ਨੇੜੇ ਪਿੰਡ ਪੁਰਖਾਲੀ, ਕੇਂਦਰੀ ਵਿਦਿਆਲਿਆ ਆਈ.ਆਈ.ਟੀ. ਰੂਪਨਗਰ ਪਿੰਡ ਬੜਾ ਫੂਲ ਨੇੜੇ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆ ਸ੍ਰੀ ਚਮਕੌਰ ਸਾਹਿਬ ਸ਼ਾਮਲ ਹਨ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰੀਖਿਆ ਕੇਂਦਰਾਂ ਵਿੱਚ ਸਿਰਫ਼ ਐਡਮਿਟ ਕਾਰਡ ਨਾਲ ਹੀ ਦਾਖਲਾ ਦਿੱਤਾ ਜਾਵੇਗਾ। ਉਮੀਦਵਾਰ ਲਈ ਪਛਾਣ ਦੇ ਸਬੂਤ ਵਜੋਂ ਆਧਾਰ ਕਾਰਡ ਹੋਣਾ ਵੀ ਲਾਜ਼ਮੀ ਹੈ। ਉਨ੍ਹਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਐਡਮਿਟ ਕਾਰਡ 'ਤੇ ਦਿੱਤੀਆਂ ਸ਼ਰਤਾਂ ਨੂੰ ਪੜ੍ਹਨ ਤਾਂ ਜੋ ਉਨ੍ਹਾਂ ਨੂੰ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਆਪਣੇ ਨਾਲ ਕੋਈ ਵੀ ਇਲੈਕਟ੍ਰਾਨਿਕ ਜਾਂ ਹੋਰ ਸਮਾਨ ਨਹੀਂ ਲਿਆਉਣਾ ਚਾਹੀਦਾ।
4 Examination Centres Set Up In Rupnagar District For NEET UG Entrance Test Examination