ਚੋਅ ਬਣੇ ਦਰਿਆ! 12 ਪਿੰਡਾਂ ਦਾ ਸੰਪਰਕ ਟੁੱਟਿਆ
Hoshiarpur
ਹੁਸ਼ਿਆਰਪੁਰ-2 ਦਿਨਾਂ ਤੋਂ ਭਾਰੀ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਦਰਿਆਵਾਂ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਸ਼ਿਆਰਪੁਰ ਵਿਖੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਮੀਂਹ ਕਾਰਨ ਪਹਾੜਾਂ ਵਿਚੋਂ ਆਇਆ ਬੇਹਿਸਾਬ ਪਾਣੀ ਚੋਆ ਰਾਹੀ ਬਿਆਸ ਦਰਿਆ ਵਿੱਚ ਸ਼ਾਮਲ ਹੋ ਰਿਹਾ ਹੈ। ਆਮ ਤੌਰ 'ਤੇ ਇਹ ਚੋਅ ਸੁੱਕੇ ਰਹਿੰਦੇ ਹਨ ਪਰ ਜਦੋਂ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਇਹ ਚੋਅ ਦਰਿਆ ਦਾ ਰੂਪ ਧਾਰ ਲੈਂਦੇ ਹਨ। ਭਾਰੀ ਮੀਂਹ ਕਰਕੇ ਚੋਅ 'ਚ ਪਾਣੀ ਦਾ ਪੱਧਰ ਬੇਹੱਦ ਵੱਧ ਗਿਆ ਹੈ, ਜਿਸ ਕਾਰਨ 12 ਤੋਂ ਵੱਧ ਪਿੰਡਾਂ ਦਾ ਸੰਪਰਕ ਦਸੂਹਾ-ਤਲਵਾੜਾ ਮੁੱਖ ਸੜਕ ਨਾਲ ਪੂਰੀ ਤਰ੍ਹਾਂ ਟੁੱਟ ਗਿਆ ਹੈ। ਲੋਕਾਂ ਲਈ ਆਉਣ-ਜਾਣ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਲਈ ਇਹ ਸਥਿਤੀ ਚਿੰਤਾ ਦਾ ਵਿਸ਼ਾ ਬਣ ਗਈ ਹੈ।
ਹੁਸ਼ਿਆਰਪੁਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਹੋਈ ਭਾਰੀ ਬਾਰਿਸ਼ ਕਾਰਨ ਤਾਪਮਾਨ ਵਿਚ ਭਾਰੀ ਕਮੀ ਆਈ ਹੈ। ਸ਼ਹਿਰ ਵਿਚ ਘੱਟੋ-ਘੱਟ ਤਾਪਮਾਨ 23-24 ਡਿਗਰੀ ਦਰਜ ਕੀਤਾ ਗਿਆ, ਜਿਸ ਕਾਰਨ ਮੌਸਮ ਬਹੁਤ ਸੁਹਾਵਣਾ ਹੋ ਗਿਆ। ਸ਼ਹਿਰ ਦੇ ਨੇੜੇ ਤੋਂ ਲੰਘਦੇ ਭੰਗੀ ਚੋਅ ਵਿਚ ਵੀ ਹੜ੍ਹ ਵਰਗੇ ਹਾਲਾਤ ਦੇਖਣ ਨੂੰ ਮਿਲੇ।
ਹੜ੍ਹ ਕਾਰਨ ਸਾਰੇ ਕਾਜ਼ਵੇਅ ਬੰਦ ਹੋ ਗਏ। ਚੋਅ ਦੇ ਦੂਜੇ ਪਾਸੇ ਤੋਂ ਸ਼ਹਿਰ ਵੱਲ ਜਾਣ ਵਾਲੀ ਆਵਾਜਾਈ ਠੱਪ ਹੋ ਗਈ। ਜਦੋਂ ਕਾਜ਼ਵੇਅ ’ਤੇ ਹੜ੍ਹ ਵਿਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ 2 ਬਾਈਕ ਸਵਾਰ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿਣ ਲੱਗੇ, ਤਾਂ ਆਲੇ-ਦੁਆਲੇ ਦੇ ਲੋਕਾਂ ਦੀ ਸਮਝਦਾਰੀ ਕਾਰਨ ਉਨ੍ਹਾਂ ਨੂੰ ਬਚਾਇਆ ਗਿਆ। ਬਾਰਿਸ਼ ਕਾਰਨ ਸ਼ਹਿਰ ਵਿਚ ਆਵਾਜਾਈ ਅਤੇ ਕਾਰੋਬਾਰ ਵੀ ਪ੍ਰਭਾਵਿਤ ਹੋਏ ਹਨ
Flood