ਵੱਡੀ ਖ਼ਬਰ - ਕੇਂਦਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਵਾਲਾ ਨੋਟੀਫ਼ਿਕੇਸ਼ਨ ਕੀਤਾ ਰੱਦ
Punjab
ਵੱਡੀ ਖ਼ਬਰ : ਕੇਂਦਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਵਾਲਾ ਨੋਟੀਫ਼ਿਕੇਸ਼ਨ ਕੀਤਾ ਰੱਦ
ਚੰਡੀਗੜ੍ਹ, 5 ਨਵੰਬਰ 2025 : ਪੰਜਾਬ ਯੂਨੀਵਰਸਿਟੀ (Panjab University) ਦੀ ਸੈਨੇਟ ਅਤੇ ਸਿੰਡੀਕੇਟ ਨੂੰ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਭੰਗ ਕਰਨ ਦੇ ਮਾਮਲੇ ਵਿੱਚ ਅੱਜ ਇੱਕ ਵੱਡਾ ਮੋੜ ਆਇਆ ਹੈ। ਕੇਂਦਰ ਨੇ ਬੁੱਧਵਾਰ ਨੂੰ ਆਪਣਾ ਵਿਵਾਦਿਤ ਨੋਟੀਫਿਕੇਸ਼ਨ ਵਾਪਸ ਲੈ ਲਿਆ ਹੈ। ਇਸ ਨੋਟੀਫਿਕੇਸ਼ਨ ਰਾਹੀਂ ਯੂਨੀਵਰਸਿਟੀ ਦੀਆਂ ਦੋ ਮਹੱਤਵਪੂਰਨ ਸੰਗਠਨਾਤਮਕ ਬਾਡੀਆਂ — ਸੈਨੇਟ ਅਤੇ ਸਿੰਡੀਕੇਟ — ਨੂੰ ਭੰਗ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਮੁੱਖ ਮੰਤਰੀ ਮਾਨ ਦੀ ਚੇਤਾਵਨੀ ਤੋਂ ਬਾਅਦ ਕੇਂਦਰ ਦਾ ਪਿੱਛੇ ਹਟਣਾ
ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਸਵੇਰੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਤੇ ਕਿਹਾ ਸੀ ਕਿ ਪੰਜਾਬ ਸਰਕਾਰ ਹਾਈਕੋਰਟ ਦਾ ਰੁਖ ਕਰੇਗੀ। ਮਾਨ ਨੇ ਇਸ ਕਦਮ ਨੂੰ “ਗੈਰ-ਸੰਵਿਧਾਨਕ ਅਤੇ ਪੰਜਾਬ ਦੇ ਹੱਕਾਂ ਦਾ ਉਲੰਘਣ” ਦੱਸਿਆ ਸੀ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਉੱਚ-ਸਤ੍ਹਰੀ ਵਕੀਲਾਂ ਦਾ ਪੈਨਲ ਤਿਆਰ ਕਰਕੇ ਇਸ “ਧੱਕੇਸ਼ਾਹੀ ਭਰੇ ਫੈਸਲੇ” ਵਿਰੁੱਧ ਅਦਾਲਤ ਵਿੱਚ ਮਜ਼ਬੂਤ ਪੇਸ਼ੀ ਦੀ ਤਿਆਰੀ ਕੀਤੀ ਜਾਵੇਗੀ।
1 ਨਵੰਬਰ ਨੂੰ ਜਾਰੀ ਹੋਇਆ ਸੀ ਵਿਵਾਦਿਤ ਨੋਟੀਫਿਕੇਸ਼ਨ
ਗੌਰਤਲਬ ਹੈ ਕਿ 1 ਨਵੰਬਰ 2025 ਨੂੰ (ਪੰਜਾਬ ਦਿਵਸ ਦੇ ਦਿਨ) ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ 142 ਸਾਲ ਪੁਰਾਣੀ ਪੰਜਾਬ ਯੂਨੀਵਰਸਿਟੀ ਦੀ 59 ਸਾਲਾ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਗਿਆ ਸੀ।
ਇਸ ਫ਼ੈਸਲੇ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਕਈ ਵਿਦਿਆਰਥੀ ਜਥੇਬੰਦੀਆਂ ਨੇ ਭਾਰੀ ਵਿਰੋਧ ਪ੍ਰਗਟਾਇਆ ਸੀ। ਆਲੋਚਕਾਂ ਨੇ ਇਸਨੂੰ ਪੰਜਾਬ ਯੂਨੀਵਰਸਿਟੀ ਦੀ ਖੁਦਮੁਖਤਿਆਰੀ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਸੀ।
Big News Center Cancels Notification Dissolving Panjab University Senate And Syndicate