ਤਰਨਤਾਰਨ ਜ਼ਿਮਨੀ ਚੋਣ- ਦੁਪਹਿਰ 3 ਵਜੇ ਤੱਕ ਦਾ ਵੋਟਿੰਗ ਅੰਕੜਾ ਹੋਇਆ ਜਾਰੀ, ਵੇਖੋ...
Punjab
ਤਰਨਤਾਰਨ ਜ਼ਿਮਨੀ ਚੋਣ: ਦੁਪਹਿਰ 3 ਵਜੇ ਤੱਕ ਵੋਟਿੰਗ ਅੰਕੜਾ ਹੋਇਆ ਜਾਰੀ, ਵੇਖੋ...
ਲਾਈਵ ਪੰਜਾਬੀ ਟੀਵੀ ਬਿਊਰੋ
ਤਰਨਤਾਰਨ, 11 ਨਵੰਬਰ 2025: ਤਰਨਤਾਰਨ ਵਿਧਾਨ ਸਭਾ ਹਲਕੇ ਲਈ ਜ਼ਿਮਨੀ ਚੋਣ ਵਿੱਚ ਮੰਗਲਵਾਰ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇਹ ਚੋਣ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਹੋ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਦੁਪਹਿਰ 3 ਵਜੇ ਤੱਕ 48.84 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ ਹੈ।
ਇਸ ਸੀਟ ਲਈ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ 1,92,838 ਵੋਟਰਾਂ ਦੇ ਹੱਥਾਂ ਵਿੱਚ ਹੈ। ਚੋਣ ਕਮਿਸ਼ਨ ਦੇ ਅਨੁਸਾਰ ਹੁਣ ਤੱਕ ਮਤਦਾਨ ਸ਼ਾਂਤੀਪੂਰਨ ਮਾਹੌਲ ਵਿੱਚ ਜਾਰੀ ਹੈ, ਅਤੇ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ।
ਸੁਰੱਖਿਆ ਦੇ ਸਖ਼ਤ ਪ੍ਰਬੰਧ, 114 ਬੂਥ ਸੰਵੇਦਨਸ਼ੀਲ ਐਲਾਨੇ
ਤਰਨਤਾਰਨ ਬਾਰਡਰ ਖੇਤਰ ਹੋਣ ਕਰਕੇ ਚੋਣ ਕਮਿਸ਼ਨ ਨੇ ਇੱਥੇ ਸੁਰੱਖਿਆ ਲਈ ਵਾਧੂ ਕਦਮ ਚੁੱਕੇ ਹਨ। ਇਸ ਵਾਰ ਪਹਿਲੀ ਵਾਰ ਕਿਸੇ ਜ਼ਿਮਨੀ ਚੋਣ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਜ਼ਿਲ੍ਹੇ ਵਿੱਚ 222 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 114 ਬੂਥਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ। ਇਨ੍ਹਾਂ ਦੀ ਨਿਗਰਾਨੀ ਲਈ 46 ਮਾਈਕ੍ਰੋ ਆਬਜ਼ਰਵਰ ਤਾਇਨਾਤ ਹਨ। ਹਰ ਪੋਲਿੰਗ ਸਟੇਸ਼ਨ 'ਤੇ CCTV ਕੈਮਰੇ ਅਤੇ ਵੈਬਕਾਸਟਿੰਗ ਪ੍ਰਣਾਲੀ ਲਗਾਈ ਗਈ ਹੈ।1.92 ਲੱਖ ਵੋਟਰਾਂ 'ਚ 8 ਟਰਾਂਸਜੈਂਡਰ ਵੀ ਸ਼ਾਮਲ
ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਜਾਣਕਾਰੀ ਦਿੱਤੀ ਕਿ ਤਰਨਤਾਰਨ ਹਲਕੇ ਵਿੱਚ 1,92,838 ਰਜਿਸਟਰ ਵੋਟਰ ਹਨ। ਇਨ੍ਹਾਂ ਵਿੱਚ 1,00,933 ਪੁਰਸ਼, 91,897 ਮਹਿਲਾ ਅਤੇ 8 ਟਰਾਂਸਜੈਂਡਰ ਵੋਟਰ ਸ਼ਾਮਲ ਹਨ।
ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ, ਪਿੱਦੀ ਵਿਖੇ ਬਣਾਏ ਗਏ EVM ਸਟ੍ਰਾਂਗ ਰੂਮ ਵਿੱਚ ਹੋਵੇਗੀ।
ਵਿਸ਼ੇਸ਼ ਬੂਥ ਅਤੇ ਸੁਵਿਧਾਵਾਂ
ਚੋਣ ਕਮਿਸ਼ਨ ਵੱਲੋਂ ਇਸ ਵਾਰ 4 ਆਦਰਸ਼ ਪੋਲਿੰਗ ਸਟੇਸ਼ਨ, 3 ਮਹਿਲਾ ਸੰਚਾਲਿਤ ਬੂਥ ਅਤੇ 1 ਦਿਵਿਆਂਗ-ਮਿੱਤਰ ਬੂਥ ਤਿਆਰ ਕੀਤੇ ਗਏ ਹਨ, ਤਾਂ ਜੋ ਹਰ ਵਰਗ ਦੇ ਵੋਟਰਾਂ ਨੂੰ ਸਹੂਲਤ ਮਿਲੇ।
ਚੋਣੀ ਟੱਕਰ ਹੋਈ ਦਿਲਚਸਪ, ਕਈਆਂ ਦੀ ਕਿਸਮਤ EVM 'ਚ ਬੰਦ
ਤਰਨਤਾਰਨ ਹਲਕੇ ਦੀ ਚੋਣ ਵਿੱਚ ਮੁੱਖ ਮੁਕਾਬਲਾ AAP ਦੇ ਹਰਮੀਤ ਸਿੰਘ ਸੰਧੂ, SAD ਦੀ ਸੁਖਵਿੰਦਰ ਕੌਰ, BJP ਦੇ ਹਰਜੀਤ ਸਿੰਘ ਸੰਧੂ ਅਤੇ Congress ਦੇ ਕਰਨਬੀਰ ਸਿੰਘ ਵਿਚਾਲੇ ਹੈ।
ਇਸ ਤੋਂ ਇਲਾਵਾ, ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਵੀ ਮੈਦਾਨ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਸੀਟ 'ਤੇ ਪੰਥਕ ਵੋਟਾਂ ਦਾ ਰੁਝਾਨ ਚੋਣੀ ਨਤੀਜੇ ਨੂੰ ਪ੍ਰਭਾਵਿਤ ਕਰ ਸਕਦਾ ਹੈ।
Tarn taran by election voting figures released till 3 pm see