Amritsar News- ਮਾਸੂਮ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ ਦੀ ਖੈਰ ਨਹੀਂ; DC ਦਫ਼ਤਰ ਪਹੁੰਚੀ ਅਕਾਲ ਸੇਵਾ ਫਾਊਂਡੇਸ਼ਨ
Amritsar
Amritsar News: ਮਾਸੂਮ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ ਦੀ ਖੈਰ ਨਹੀਂ; DC ਦਫ਼ਤਰ ਪਹੁੰਚੀ ਅਕਾਲ ਸੇਵਾ ਫਾਊਂਡੇਸ਼ਨ
ਅੰਮ੍ਰਿਤਸਰ, 31 ਦਸੰਬਰ: ਗੁਰੂ ਨਗਰੀ ਅੰਮ੍ਰਿਤਸਰ (Amritsar) ਵਿੱਚ ਛੋਟੇ ਬੱਚਿਆਂ ਤੋਂ ਜਬਰਨ ਭੀਖ ਮੰਗਵਾਉਣ ਦਾ ਗੋਰਖਧੰਦਾ ਇੱਕ ਵਾਰ ਫਿਰ ਜ਼ੋਰ ਫੜ ਗਿਆ ਹੈ। ਇਸ ਗੰਭੀਰ ਮਸਲੇ ਨੂੰ ਲੈ ਕੇ ਸਮਾਜ ਸੇਵੀ ਸੰਸਥਾ 'ਅਕਾਲ ਸੇਵਾ ਫਾਊਂਡੇਸ਼ਨ' (Akal Sewa Foundation) ਨੇ ਪ੍ਰਸ਼ਾਸਨ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸੰਸਥਾ ਦੇ ਮੈਂਬਰ ਅਤੇ ਸਿੱਖ ਆਗੂ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਬਾਲ ਵਿਭਾਗ ਅਫ਼ਸਰ ਤਰੁਣਦੀਪ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਰੈਸਟੋਰੈਂਟਾਂ ਤੇ ਧਾਰਮਿਕ ਸਥਾਨਾਂ ਬਾਹਰ ਮਾੜਾ ਹਾਲ
ਸਰਬਜੀਤ ਸਿੰਘ ਸੋਨੂੰ ਨੇ ਦੱਸਿਆ ਕਿ ਸ਼ਹਿਰ ਦੀਆਂ ਟ੍ਰੈਫਿਕ ਲਾਈਟਾਂ (Traffic Lights), ਵੱਡੇ ਹੋਟਲਾਂ, ਰੈਸਟੋਰੈਂਟਾਂ ਅਤੇ ਇੱਥੋਂ ਤੱਕ ਕਿ ਪਵਿੱਤਰ ਧਾਰਮਿਕ ਸਥਾਨਾਂ ਦੇ ਬਾਹਰ ਵੀ ਮਾਸੂਮ ਬੱਚਿਆਂ ਦੇ ਹੱਥਾਂ ਵਿੱਚ ਕਟੋਰੇ ਫੜਾ ਦਿੱਤੇ ਗਏ ਹਨ। ਇਹ ਬੱਚੇ ਲੋਕਾਂ ਦੇ ਕੱਪੜੇ ਖਿੱਚਦੇ ਹਨ ਅਤੇ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਪੈਸੇ ਮੰਗਦੇ ਹਨ, ਜੋ ਕਿ ਸ਼ਰਮਨਾਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ।
ਲਾਪਤਾ ਬੱਚਿਆਂ ਦਾ ਸ਼ੱਕ ਤੇ DNA ਟੈਸਟ ਦੀ ਮੰਗ
ਸੋਨੂੰ ਜੰਡਿਆਲਾ ਨੇ ਇੱਕ ਗੰਭੀਰ ਖੁਲਾਸਾ ਕਰਦਿਆਂ ਕਿਹਾ ਕਿ ਜਿਸ ਤੇਜ਼ੀ ਨਾਲ ਬੱਚੇ ਲਾਪਤਾ ਹੋ ਰਹੇ ਹਨ ਅਤੇ ਸੜਕਾਂ 'ਤੇ ਭਿਖਾਰੀਆਂ ਦੀ ਗਿਣਤੀ ਵਧ ਰਹੀ ਹੈ, ਉਸ ਤੋਂ ਸ਼ੱਕ ਹੁੰਦਾ ਹੈ ਕਿ ਇਹ ਬੱਚੇ ਇਨ੍ਹਾਂ ਭਿਖਾਰੀਆਂ ਦੇ ਆਪਣੇ ਨਹੀਂ ਹਨ।
ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਨੇ ਸਰਕਾਰ ਤੋਂ DNA ਟੈਸਟ ਦੀ ਮੰਗ ਕੀਤੀ ਸੀ, ਜਿਸਨੂੰ ਮਨਜ਼ੂਰੀ ਵੀ ਮਿਲੀ ਸੀ।
ਪਰ ਅਫ਼ਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਨੇ ਇਹ ਮੁਹਿੰਮ ਅੱਧ-ਵਿਚਕਾਰ ਹੀ ਛੱਡ ਦਿੱਤੀ।
ਸਵੇਰੇ ਚੌਂਕਾਂ 'ਚ ਛੱਡ ਜਾਂਦੇ ਨੇ ਗੈਂਗ
ਮੰਗ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਕੁਝ ਲੋਕ ਗੱਡੀਆਂ ਵਿੱਚ ਆ ਕੇ ਸਵੇਰੇ-ਸਵੇਰੇ ਇਨ੍ਹਾਂ ਬੱਚਿਆਂ ਨੂੰ ਚੌਂਕਾਂ ਅਤੇ ਬਜ਼ਾਰਾਂ ਵਿੱਚ ਭੀਖ ਮੰਗਣ ਲਈ ਛੱਡ ਜਾਂਦੇ ਹਨ। ਫਾਊਂਡੇਸ਼ਨ ਨੇ ਮੰਗ ਕੀਤੀ ਹੈ ਕਿ ਅਜਿਹੇ ਗਿਰੋਹਾਂ (Gangs) ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਲੋਕਾਂ ਨੂੰ ਅਪੀਲ: ਪੈਸੇ ਨਾ ਦਿਓ
ਅਕਾਲ ਸੇਵਾ ਫਾਊਂਡੇਸ਼ਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਵੁਕ ਹੋ ਕੇ ਇਨ੍ਹਾਂ ਬੱਚਿਆਂ ਨੂੰ ਪੈਸੇ ਨਾ ਦੇਣ। ਜੇਕਰ ਲੋਕ ਪੈਸੇ ਦੇਣਾ ਬੰਦ ਕਰ ਦੇਣਗੇ ਤਾਂ ਇਹ ਮਾਫੀਆ ਆਪਣੇ ਆਪ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਜਗ੍ਹਾ ਸੜਕਾਂ 'ਤੇ ਨਹੀਂ, ਸਗੋਂ ਸਕੂਲਾਂ ਵਿੱਚ ਹੈ।
Amritsar News Those Who Ask Innocent Children To Beg Are Not Doing Well Akal Sewa Foundation Reaches DC Office