ਗਾਣੇ 'ਚ 'ਰਸੂਲ' ਸ਼ਬਦ ਦੀ ਵਰਤੋਂ ਕਰਨ ਤੇ ਐਮੀ ਵਿਰਕ ਅਤੇ ਜਾਨੀ ਨੇ ਮੰਗੀ ਮੁਆਫ਼ੀ
LPTV / Chandigarh
ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ ਦੇ ਵਿੱਚ 'ਰਸੂਲ' ਸ਼ਬਦ ਦੀ ਵਰਤੋਂ ਕਰਨ ਤੋਂ ਬਾਅਦ ਮਸ਼ਹੂਰ ਅਦਾਕਾਰ ਐਮੀ ਵਿਰਕ ਅਤੇ ਲੇਖਕ ਜਾਨੀ ਵਿਵਾਦ ’ਚ ਘਿਰ ਗਏ ਸਨ। ਦਸ ਦੇਈਏ ਕਿ ਜਸਨੂਰ ਨਾਮੀ ਲੜਕੀ ਵੱਲੋਂ ਧਿਆਨ ਦਿਵਾਉਣ ਤੋਂ ਬਾਅਦ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਇਸ ਮਾਮਲੇ ਨੂੰ ਲੈਕੇ ਜਾਮਾ ਮਸਜਿਦ ਲੁਧਿਆਣਾ ਤੋਂ ਐਲਾਨ ਕੀਤਾ ਗਿਆ ਸੀ ਕਿ ਐਮੀ ਵਿਰਕ ਅਤੇ ਜਾਨੀ ਆਪਣੀ ਗਲਤੀ ਸੁਧਾਰਨ। ਇਸ ਦੌਰਾਨ ਇਸ ਮਾਮਲੇ ਨੂੰ ਲੈਕੇ ਮਾਲੇਰਕੋਟਲਾ, ਪਟਿਆਲਾ ਅਤੇ ਜਲੰਧਰ ’ਚ ਵੀ ਮੁਸਲਮਾਨ ਭਾਈਚਾਰੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤੇ ਗਏ।
ਇਹ ਮਾਮਲਾ ਅੱਜ ਉਸ ਵਕਤ ਖ਼ਤਮ ਹੋ ਗਿਆ ਜਦ ਫਿਲਮ ਦੇ ਅਦਾਕਾਰ ਐਮੀ ਵਿਰਕ, ਲੇਖਕ ਜਾਨੀ ਅਤੇ ਪਿੰਕੀ ਧਾਲੀਵਾਲ ਲੁਧਿਆਣਾ ਪਹੁੰਚੇ ਅਤੇ ਉਨਾਂ ਨੇ ਨਾਇਬ ਸ਼ਾਹੀ ਇਮਾਮ ਸਾਹਿਬ ਨਾਲ ਮੁਲਕਾਤ ਕਰ ਇਹ ਸਪਸ਼ਟ ਕੀਤਾ ਕਿ ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ ਦੇ ’ਚ ਰਸੂਲ ਸ਼ਬਦ ਦਾ ਇਸਤੇਮਾਲ ਅਣਜਾਣੇ ’ਚ ਹੋ ਗਿਆ ਸਾਡੀ ਕੋਈ ਗਲਤ ਮਨਸ਼ਾ ਅਤੇ ਨੀਅਤ ਨਹੀਂ ਸੀ। ਜਾਨੀ ਨੇ ਕਿਹਾ ਕਿ ਅਸੀਂ ਅੱਲਾਹ ਤਾਆਲਾ ਅਤੇ ਰਸੂਲ-ਏ-ਖੁਦਾ ਹਜਰਤ ਮੁਹੰਮਦ ਸਾਹਿਬ ਸਲੱਲਲਾਹੂ ਅਲੈਹੀ ਵਸਲਮ ਦਾ ਦਿਲ ਤੋਂ ਸਤਿਕਾਰ ਕਰਦੇ ਹਾਂ ਅਤੇ ਸਰਵ ਧਰਮ ਸਾਡੇ ਲਈ ਸਤਿਕਾਰ ਯੋਗ ਹਨ। ਇਸ ਮੌਕੇ ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਫਿਲਮ ਦੀ ਟੀਮ ਦਾ ਆਪਣੀ ਗਲਤੀ ਮੰਨ ਲੈਣਾ ਸਹੀ ਕਦਮ ਹੈ, ਮਾਫ ਕਰਨ ਵਾਲੀ ਜਾਤ ਰੱਬ ਦੀ ਹੈ, ਬੇਸ਼ਕ ਅੱਲਾਹ ਤਾਆਲਾ ਅਤੇ ਪਿਆਰੇ ਰਸੂਲ ਹਜਰਤ ਮੁਹੰਮਦ ਸਾਹਿਬ ਮਾਫੀ ਨੂੰ ਪਸੰਦ ਕਰਦੇ ਹਨ।
Amy Virk and Jani apologize for using the word Rasool in the song