ਸਰਕਾਰ ਖਿਲਾਫ ਸੜਕਾਂ 'ਤੇ ਉੱਤਰੇ ਮੁਲਾਜ਼ਮ, ਦੇਸ਼ ਭਰ ਦੇ ਸਰਕਾਰੀ ਬੈਂਕਾਂ 'ਚ ਦੋ ਰੋਜ਼ਾ ਹੜਤਾਲ
LPTV / Chandigarh
ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀਆਂ ਨੇ ਅੱਜ ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਦੋ ਦਿਨਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਦੇਸ਼ ਭਰ ਵਿੱਚ ਆਮ ਬੈਂਕਿੰਗ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਬੈਂਕ ਬ੍ਰਾਂਚਾਂ ਵਿੱਚ ਪੈਸੇ ਜਮ੍ਹਾਂ ਤੇ ਕਢਵਾਉਣ, ਚੈੱਕ ਕਲੀਅਰੈਂਸ ਅਤੇ ਲੋਨ ਮਨਜ਼ੂਰੀਆਂ ਵਰਗੀਆਂ ਸੇਵਾਵਾਂ ਹੜਤਾਲ ਕਾਰਨ ਪ੍ਰਭਾਵਿਤ ਹੋ ਰਹੀਆਂ ਹਨ ਪਰ ਏਟੀਐਮ ਆਮ ਵਾਂਗ ਹਨ। ਹਾਲਾਂਕਿ ਨਿੱਜੀ ਖੇਤਰ ਦੇ ਬੈਂਕਾਂ ਵਿੱਚ ਕੰਮ ਆਮ ਵਾਂਗ ਹੋ ਰਿਹਾ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ (ਏਆਈਬੀਓਸੀ), ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਤੇ ਬੈਂਕ ਵਰਕਰਜ਼ ਦੇ ਕੌਮੀ ਸੰਗਠਨ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਸ਼ਾਖਾਵਾਂ ਬੰਦ ਕਰ ਦਿੱਤੀਆਂ।
ਬੈਂਕ ਯੂਨੀਅਨਾਂ ਨੇ ਦਾਅਵਾ ਕੀਤਾ ਕਿ ਦੇਸ਼ ਭਰ ਦੇ ਸਰਕਾਰੀ ਬੈਂਕਾਂ ਦੇ ਕਰੀਬ 9 ਲੱਖ ਮੁਲਾਜ਼ਮ ਅੱਜ ਤੋਂ ਦੋ ਦਿਨ ਦੀ ਹੜਤਾਲ ਉੱਪਰ ਚਲੇ ਗਏ ਹਨ। ਉਹ ਕੇਂਦਰ ਸਰਕਾਰ ਵੱਲੋਂ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਯੋਜਨਾ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਹੋਰ ਵੀ ਕਈ ਮੰਗਾਂ ਹਨ ਜਿਹੜੀਆਂ ਅਜੇ ਤੱਕ ਸਰਕਾਰ ਨੇ ਨਹੀਂ ਮੰਨੀਆਂ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵੱਲੋਂ 16 ਤੇ 17 ਦਸੰਬਰ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਭਾਰਤੀ ਸਟੇਟ ਬੈਂਕ ਸਮੇਤ ਜ਼ਿਆਦਾਤਰ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਪਹਿਲਾਂ ਹੀ ਹੜਤਾਲ ਬਾਰੇ ਚੌਕਸ ਕਰਦਿਆਂ ਕਿਹਾ ਹੈ ਕਿ ਹੜਤਾਲ ਕਾਰਨ ਬੈਂਕਾਂ ਦੇ ਕੰਮਕਾਰ ’ਤੇ ਅਸਰ ਪੈ ਸਕਦਾ ਹੈ।
ਆਲ ਇੰਡੀਆ ਬੈਂਕ ਆਫ਼ੀਸਰਜ਼ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਸੌਮਿਆ ਦੱਤਾ ਨੇ ਦੱਸਿਆ ਕਿ ਅੱਜ ਵਧੀਕ ਚੀਫ਼ ਲੇਬਰ ਕਮਿਸ਼ਨਰ ਨਾਲ ਹੋਈ ਮੀਟਿੰਗ ਨਾਕਾਮ ਰਹੀ ਜਿਸ ਕਾਰਨ ਯੂਨੀਅਨਾਂ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਹੜਤਾਲ ਕਰਨਗੀਆਂ।
The employees took to the streets against the government and went on a two day strike in government banks across the country