Khel Ratna Award 2024 - ਡੀ ਗੁਕੇਸ਼ ਤੇ ਨਿਸ਼ਾਨੇਬਾਜ਼ ਮਨੂ ਭਾਕਰ ਸਮੇਤ 4 ਨੂੰ ਖੇਡ ਰਤਨ ਨਾਲ ਕੀਤਾ ਗਿਆ ਸਨਮਾਨਿਤ
Admin / Sports
ਲਾਈਵ ਪੰਜਾਬੀ ਟੀਵੀ ਬਿਊਰੋ : ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਨੂੰ ਇੱਥੇ ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੇਜਰ ਧਿਆਨ ਚੰਦ ਸਪੋਰਟਸ ਐਵਾਰਡ ਪ੍ਰਦਾਨ ਕੀਤਾ। ਸ਼ੁੱਕਰਵਾਰ ਨੂੰ ਰਤਨ ਪੁਰਸਕਾਰ ਲੈਣ ਪਹੁੰਚੇ ਤਾਂ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਦੱਸਣਯੋਗ ਹੈ ਕਿ 18 ਸਾਲ ਦੇ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ 11 ਦਸੰਬਰ ਨੂੰ ਸਿੰਗਾਪੁਰ ਵਿਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਇੰਨੀ ਛੋਟੀ ਉਮਰ 'ਚ ਇਹ ਖਿਤਾਬ ਜਿੱਤਣ ਵਾਲੇ ਗੁਕੇਸ਼ ਦੁਨੀਆ ਦੇ ਪਹਿਲੇ ਖਿਡਾਰੀ ਹਨ। ਜਦੋਂ ਕਿ ਮਨੂ ਭਾਕਰ ਨੇ ਅਗਸਤ-ਸਤੰਬਰ ਵਿੱਚ ਪੈਰਿਸ ਓਲੰਪਿਕ ਖੇਡਾਂ ਵਿੱਚ ਦੋਹਰੇ ਓਲੰਪਿਕ ਤਗਮੇ ਜਿੱਤੇ ਸਨ। ਉਸ ਦੇ ਦੋ ਤਗਮਿਆਂ ਦੀ ਮਦਦ ਨਾਲ ਭਾਰਤ ਨੇ ਪੈਰਿਸ ਓਲੰਪਿਕ ਵਿੱਚ ਕੁੱਲ 6 ਤਗਮੇ ਜਿੱਤੇ।
ਉਨ੍ਹਾਂ ਤੋਂ ਇਲਾਵਾ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਲੰਪਿਕ ਸੋਨ ਤਮਗਾ ਜੇਤੂ ਹਾਈ ਜੰਪਰ ਪ੍ਰਵੀਨ ਕੁਮਾਰ ਨੂੰ ਵੀ ਇੱਥੇ ਰਾਸ਼ਟਰਪਤੀ ਭਵਨ ਵਿੱਚ ਦੇਸ਼ ਦੇ ਸਰਵਉੱਚ ਖੇਡ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਹਰਮਨਪ੍ਰੀਤ ਟੋਕੀਓ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੀ ਦੇ ਤਗਮੇ ਜਿੱਤਣ ਵਾਲੀ ਹਾਕੀ ਟੀਮ ਦਾ ਮੈਂਬਰ ਸੀ। ਉਹ ਪੈਰਿਸ ਓਲੰਪਿਕ ਵਿੱਚ ਟੀਮ ਦੇ ਕਪਤਾਨ ਵੀ ਸਨ। ਦੂਜੇ ਪਾਸੇ, ਪ੍ਰਵੀਨ, ਜਿਸ ਦੀ ਖੱਬੀ ਲੱਤ ਵਿੱਚ ਸੱਟ ਸੀ, ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਤੇ ਪੈਰਿਸ ਵਿੱਚ ਇਸ ਨੂੰ ਸੋਨੇ ਵਿੱਚ ਬਦਲ ਦਿੱਤਾ।
ਇਨ੍ਹਾਂ ਤੋਂ ਇਲਾਵਾ 5 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਮਿਲਿਆ, ਜਿਨ੍ਹਾਂ ਵਿੱਚੋਂ 2 ਨੂੰ ਜੀਵਨ ਉਪਲਬਧੀ ਲਈ ਸੀ। ਅਰਜੁਨ ਪੁਰਸਕਾਰ 34 ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 17 ਪੈਰਾ-ਐਥਲੀਟ ਹਨ, ਜਦਕਿ 2 ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਹਨ।
ਇਸ ਵਾਰ 32 ਐਥਲੀਟਾਂ ਨੂੰ ਅਰਜੁਨ ਐਵਾਰਡ ਦਿੱਤੇ ਗਏ, ਜਿਨ੍ਹਾਂ 'ਚੋਂ 17 ਪੈਰਾ ਐਥਲੀਟ ਹਨ।
ਅਰਜੁਨ ਪੁਰਸਕਾਰ ਜੇਤੂਆਂ ਵਿੱਚ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਪਹਿਲਵਾਨ ਅਮਨ ਸਹਿਰਾਵਤ, ਨਿਸ਼ਾਨੇਬਾਜ਼ ਸਵਪਨਿਲ ਕੁਸਲੇ, ਸਰਬਜੋਤ ਸਿੰਘ ਅਤੇ ਪੁਰਸ਼ ਹਾਕੀ ਟੀਮ ਦੇ ਮੈਂਬਰ ਜਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਸੰਜੇ ਅਤੇ ਅਭਿਸ਼ੇਕ ਸ਼ਾਮਲ ਹਨ।
Khel Ratna Award 2024 4 Including Gukesh And Manu Honored With Khel Ratna