ਆਨੰਦ ਮੈਰਿਜ ਐਕਟ ਨੂੰ ਲੈ ਕੇ ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ, ਇਹ ਹੁਕਮ ਕੀਤੇ ਜਾਰੀ
LPTV / Chandigarh
ਸਟੇਟ ਡੈਸਕ: ਸ਼ਹਿਰ ਵਿਚ ਸਿੱਖ ਰੀਤੀ-ਰਿਵਾਜ਼ਾਂ ਤਹਿਤ ਵਿਆਹ ਨੂੰ ਆਨੰਦ ਮੈਰਿਜ ਐਕਟ 1909 ਤਹਿਤ ਰਜਿਸਟਰਡ ਕਰਵਾ ਸਕੋਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਮਾਰਚ ਵਿਚ ਐਕਟ ਲਾਗੂ ਕੀਤਾ ਸੀ, ਜਿਸ ਕਾਰਨ ਪ੍ਰਸ਼ਾਸਨ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਪ੍ਰਸ਼ਾਸਨ ਅਨੁਸਾਰ ਅਜੇ ਫਿਲਹਾਲ ਆਫਲਾਈਨ ਮੋਡ ਨਾਲ ਐਕਟ ਤਹਿਤ ਵਿਆਹ ਰਜਿਸਟਰਡ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ। ਸੈਕਟਰ ਸਤਾਰਾਂ ਸਥਿਤ ਡੀ. ਸੀ. ਦਫਤਰ ਦੀ ਮੈਰਿਜ ਬ੍ਰਾਂਚ ਵਿਚ ਹੋਰ ਜ਼ਰੂਰੀ ਦਸਤਾਵੇਜ਼ਾਂ ਨਾਲ ਅਪਲਾਈ ਕਰ ਸਕੋਗੇ। ਇਸ ਵਿਚ ਲਾੜੇ-ਲਾੜੀ ਦਾ ਆਈ. ਡੀ. ਅਤੇ ਉਮਰ ਦਾ ਪਰੂਫ਼, ਗੁਰਦੁਆਰਾ ਸਾਹਿਬ ਵਲੋਂ ਜਾਰੀ ਵਿਆਹ ਸਰਟੀਫਿਕੇਟ, ਦੋ ਗਵਾਹਾਂ ਦੇ ਆਈ. ਡੀ. ਪਰੂਫ਼ ਅਤੇ ਵਿਆਹ ਸਮਾਰੋਹ ਅਤੇ ਉਸ ਵਿਚ ਸ਼ਾਮਲ ਹੋਣ ਵਾਲੇ ਗਵਾਹਾਂ ਦੀਆਂ ਤਸਵੀਰਾਂ ਜਮ੍ਹਾ ਕਰਵਾਉਣੀਆਂ ਪੈਣਗੀਆਂ।
ਵਿਆਹ ਦੇ 90 ਦਿਨਾਂ ਬਾਅਦ ਰਜਿਸਟ੍ਰੇਸ਼ਨ ਦੇ ਮਾਮਲਿਆਂ ਵਿਚ ਦੇਰੀ ਸਬੰਧੀ ਸਹੁੰ ਪੱਤਰ ਅਤੇ ਵਿਆਹੇ ਜੋੜਿਆਂ ਦੇ ਨਾਲ ਪਾਸਪੋਰਟ ਸਾਈਜ਼ ਫੋਟੋ ਆਦਿ ਦੇਣੀ ਪਵੇਗੀ। ਚੰਡੀਗੜ੍ਹ ਲਾਜ਼ਮੀ ਵਿਆਹ ਰਜਿਸਟ੍ਰੇਸ਼ਨ ਨਿਯਮ-2012 ਤਹਿਤ ਅਪਲਾਈ ਕਰਨ ਵਾਲੇ ਨੂੰ ਵਿਆਹ ਸਰਟੀਫਿਕੇਟ ਦੇਣ ਲਈ ਪਹਿਲਾਂ ਤੋਂ ਹੀ ਲਾਗੂ ਆਨਲਾਈਨ ਪੋਰਟਲ ਨੂੰ ਸੋਧਿਆ ਜਾਵੇਗਾ ਤਾਂਕਿ ਆਨੰਦ ਮੈਰਿਜ ਐਕਟ ਤਹਿਤ ਅਪਲਾਈ ਕਰਨ ਵਾਲੇ ਨੂੰ ਆਨਲਾਈਨ ਸੇਵਾਵਾਂ ਦਾ ਲਾਭ ਮਿਲ ਸਕੇ।ਦੱਸ ਦੇਈਏ ਕਿ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਫਰਵਰੀ ਮਹੀਨੇ ਵਿਚ ਚੰਡੀਗੜ੍ਹ ਦੌਰੇ ਦੌਰਾਨ ਇਹ ਮਾਮਲਾ ਚੁੱਕਿਆ ਸੀ, ਜਿਸ ਤੋਂ ਬਾਅਦ ਹੀ ਯੂ. ਟੀ. ਪ੍ਰਸ਼ਾਸਨ ਨੇ 15 ਮਾਰਚ 2023 ਨੂੰ ਐਕਟ ਸ਼ਹਿਰ ਵਿਚ ਲਾਗੂ ਕਰ ਦਿੱਤਾ ਸੀ।
The administration took a big decision regarding the Anand Marriage Act and issued these orders