ਅਮਰਗੜ੍ਹ 'ਚ 500 ਡਰੋਨਾਂ ਨਾਲ ਰੌਸ਼ਨ ਹੋਵੇਗਾ ਅਸਮਾਨ
September 24, 2026 / punjab
Live Punjabi TV /
Amargarh
ਸ੍ਰੀ ਗੁਰੂ ਰਵਿਦਾਸ ਜੀ ਦੇ ਸੰਦੇਸ਼ ਦਾ ਹੋਵੇਗਾ ਅਲੌਕਿਕ ਪ੍ਰਦਰਸ਼ਨ
ਮਨੁੱਖੀ ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਫਲਸਫ਼ੇ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦਾ ਯਤਨ
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ 24 ਸਤੰਬਰ ਨੂੰ ਅਮਰਗੜ੍ਹ ਵਿਖੇ ਇੱਕ ਵਿਸ਼ੇਸ਼ ਅਤੇ ਅਲੌਕਿਕ ਡਰੋਨ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੀ.ਐਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਸ਼ਾਮ 6 ਵਜੇ ਹੋਣ ਵਾਲੇ ਇਸ ਸਮਾਗਮ ਸਬੰਧੀ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸਮੂਹ ਇਲਾਕਾ ਵਾਸੀਆਂ ਅਤੇ ਸੰਗਤਾਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ ਹੈ।
ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਦੌਰਾਨ 500 ਆਧੁਨਿਕ ਡਰੋਨ ਅਮਰਗੜ੍ਹ ਦੇ ਅਸਮਾਨ ਵਿੱਚ ਰੌਸ਼ਨ ਆਕ੍ਰਿਤੀਆਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫ਼ੇ, ਬਾਣੀ ਅਤੇ ਮਨੁੱਖਤਾ ਨੂੰ ਦਿੱਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਪੇਸ਼ ਕਰਨਗੇ। ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਇਹ ਕੇਵਲ ਰੌਸ਼ਨੀਆਂ ਦਾ ਸ਼ੋਅ ਨਹੀਂ, ਸਗੋਂ ਗੁਰੂ ਜੀ ਦੀ ਰੂਹਾਨੀ ਵਿਰਾਸਤ, ਮਨੁੱਖੀ ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਫਲਸਫ਼ੇ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦਾ ਇੱਕ ਨਵੇਕਲਾ ਯਤਨ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸਮੇਂ ਸਿਰ ਪਹੁੰਚ ਕੇ ਇਸ ਇਤਿਹਾਸਕ ਅਤੇ ਵਿਲੱਖਣ ਪੇਸ਼ਕਾਰੀ ਦੇ ਗਵਾਹ ਬਣਨ ਦੀ ਅਪੀਲ ਕੀਤੀ।
The Sky In Amargarh Will Light Up With 500 Drones